ਪੰਜਾਬ ਕੋਲ ਕਿਸੇ ਹੋਰ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ : ਜਾਖੜ

07/29/2020 1:05:19 AM

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਪਹਿਲੀ ਜ਼ਿੰਮੇਵਾਰੀ ਆਪਣੇ ਲੋਕਾਂ ਖਾਸ ਕਰ ਕੇ ਕਿਸਾਨਾਂ ਪ੍ਰਤੀ ਹੈ ਅਤੇ ਬਦਕਿਸਮਤੀ ਨਾਲ ਪੰਜਾਬ ਆਪਣੇ ਸੀਮਤ ਜਲ ਵਸੀਲਿਆਂ ਨੂੰ ਹੋਰਨਾਂ ਸੂਬਿਆਂ ਨਾਲ ਸਾਂਝਾ ਕਰਨ ਦੀ ਸਥਿਤੀ ਵਿਚ ਨਹੀਂ ਹੈ। ਸਤਲੁਜ ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ਦੇ ਕੇਸ ਵਿਚ ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ 'ਤੇ ਭਾਜਪਾ ਦੇ ਹਰਿਆਈ ਇਕਾਈ ਦੇ ਮੁਖੀ ਓ. ਪੀ. ਧਨਖੜ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਜਾਖੜ ਨੇ ਕਿਹਾ ਕਿ ਸਿਆਸੀ ਇੱਛਾ ਸ਼ਕਤੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਨਹੀ ਕਰ ਸਕਦੀ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਦੇ ਵੀ ਆਪਣੀ ਮਨੁੱਖਤਾਵਾਦੀ ਜ਼ਿੰਮੇਵਾਰੀ ਤੋਂ ਪਾਸਾ ਨਹੀਂ ਵੱਟਿਆ ਪਰ ਸੂਬੇ ਵਿਚ ਦਰਪੇਸ਼ ਜਲ ਸੰਕਟ ਇਸ ਨੂੰ ਕਿਸੇ ਹੋਰ ਸੂਬੇ ਨਾਲ ਜਲ ਸਰੋਤ ਸਾਂਝਾ ਕਰਨ ਤੋਂ ਰੋਕਦਾ ਹੈ। ਜਾਖੜ ਦੀ ਇਹ ਟਿੱਪਣੀ ਕਿ ਪੰਜਾਬ ਨੇ ਹਰਿਆਣਾ ਦੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣਾ ਹੈ, ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਮੁਤਾਬਕ ਪੰਜਾਬ ਅਤੇ ਇਥੋਂ ਦੇ ਕਿਸਾਨਾਂ ਦਾ ਸੂਬੇ ਵਿਚ ਵਗਦੇ ਦਰਿਆਈ ਪਾਣੀਆਂ 'ਤੇ ਪਹਿਲਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਰਿਪੇਰੀਅਨ ਸਿਧਾਂਤ ਦੀ ਕੋਈ ਵੀ ਉਲੰਘਣਾ ਨਾ ਸਿਰਫ਼ ਕਾਨੂੰਨ ਦੇ ਵਿਰੁੱਧ ਹੋਵੇਗੀ ਸਗੋਂ ਪੰਜਾਬ ਦੇ ਲੋਕਾਂ ਨਾਲ ਵੀ ਬੇਇਨਸਾਫੀ ਹੋਵੇਗੀ।


Deepak Kumar

Content Editor

Related News