ਗਰਮੀਆਂ ਦੀਆਂ ਛੁੱਟੀਆਂ ਨੂੰ ਵੀ ਖਾ ਗਈ ਬੱਚਿਆਂ ''ਚ ਵੀਡੀਓ ਗੇਮਜ਼ ਖੇਡਣ ਦੀ ਲਤ

06/27/2019 7:09:45 PM

ਬਠਿੰਡਾ (ਰਾਜਵੰਤ)-ਪੰਜਾਬ ਦੇ ਨਾਮਵਰ ਗਾਇਕ ਗੁਰਦਾਸ ਮਾਨ ਦਾ ਗਾਇਆ ਇਕ ਗੀਤ 'ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ' ਅੱਜ ਦੇ ਸਮੇਂ ਲਈ ਬਿਲਕੁਲ ਢੁੱਕਵਾਂ ਬੈਠਦਾ ਹੈ, ਕਿਉਂਕਿ ਪੁਰਾਣੀਆਂ ਖੁਰਾਕਾਂ ਖਾਧੇ ਬਾਬੇ ਅੱਜ ਦੇ ਨੌਜਵਾਨਾਂ ਨੂੰ ਮਾਤ ਦੇਣ ਲੱਗੇ ਹਨ, ਜਦੋਂÎ ਕਿ ਅੱਜ ਦੀ ਨੌਜਵਾਨ ਪੀੜ੍ਹੀ ਚੰਗਾ ਖਾਣ-ਪਾਣ, ਚੰਗਾ ਸਮਾਜ ਨਾ ਮਿਲਣ ਦੇ ਕਾਰਣ ਕੁਰਾਹੇ ਪੈ ਰਿਹਾ ਹੈ, ਜਿੱਥੋਂ ਤਕ ਗੱਲ ਤੰਦਰੁਸਤੀ ਦੀ ਹੈ ਤਾਂ ਜਦੋਂ ਤੋਂ ਇੰਟਰਨੈੱਟ ਨੌਜਵਾਨਾਂ, ਬੱਚਿਆਂ 'ਤੇ ਹਾਵੀ ਹੋਇਆ ਹੈ, ਉਦੋਂ ਤੋਂ ਪੰਜਾਬ ਅੰਦਰ ਫ਼ਿਜ਼ੀਕਲ ਖੇਡਾਂ ਦਾ ਲਗਭਗ ਅੰਤ ਹੋ ਗਿਆ ਹੈ, ਜਦੋਂ ਕਿ ਹੁਣ ਬੱਚੇ ਅਤੇ ਨੌਜਵਾਨ ਆਪਣਾ ਵਾਧੂ ਦਾ ਸਮਾਂ ਸਮਾਰਟਫੋਨਾਂ 'ਤੇ ਵੀਡੀਓ ਗੇਮਜ਼ ਖੇਡਦੇ ਹੀ ਗੁਜ਼ਾਰਦੇ ਵੇਖੇ ਜਾਂਦੇ ਹਨ। ਬੱਚਿਆਂ ਅੰਦਰ ਤਾਂ ਇਨ੍ਹਾਂ ਵੀਡੀਓਜ਼ ਗੇਮਜ਼ ਦਾ ਇੰਨਾ ਜ਼ਿਆਦਾ ਕ੍ਰੇਜ਼ ਹੈ ਕਿ ਉਨ੍ਹਾਂ ਦੀਆਂ ਜੂਨ ਮਹੀਨੇ ਦੀਆਂ ਸਕੂਲੀ ਛੁੱਟੀਆਂ ਸਮਾਰਟਫੋਨਾਂ ਵੱਲ ਤੱਕਦੇ-ਤੱਕਦੇ ਅਤੇ ਉਸ 'ਤੇ ਉਂਗਲੀਆਂ ਮਾਰਦਿਆਂ ਹੀ ਨਿਕਲ ਗਈਆਂ ਹਨ। ਅਜਿਹੇ 'ਚ ਬੱਚੇ ਛੋਟੀ ਉਮਰੇ ਹੀ ਅੱਖਾਂ ਅਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ ਰਹੇ ਹਨ, ਇੰਨਾ ਹੀ ਨਹੀਂ ਬੱਚਿਆਂ ਵਿਚ ਮੋਬਾਇਲ ਦਾ ਵਾਧੂ ਵਰਤੋਂ ਉਨ੍ਹਾਂ ਨੂੰ ਮਾਨਸਿਕ ਤਣਾਅ ਵੱਲ ਵੀ ਧਕੇਲ ਰਿਹਾ ਹੈ, ਜਿਸ ਬਾਰੇ ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।

ਮੌਜੂਦਾ ਸਮੇਂ 'ਚੋਂ ਗਾਇਬ ਹੋਈਆਂ ਰਿਵਾਇਤੀ ਖੇਡਾਂ
ਪੰਜਾਬ ਅੰਦਰ ਕਿਸੇ ਸਮੇਂ ਪਿੰਡਾਂ ਵਿਚ ਖੇਡੀਆਂ ਜਾਣ ਵਾਲੀਆਂ ਰਿਵਾਇਤੀ ਖੇਡਾਂ ਅੱਜ ਬਿਲਕੁਲ ਹੀ ਵਿਖਾਈ ਨਹੀਂ ਦਿੰਦੀਆਂ। ਪੁਰਾਣੇ ਪੰਜਾਬ ਦੇ ਸਮਿਆਂ 'ਚ ਨੌਜਵਾਨ ਅਤੇ ਬੱਚੇ ਬਾਂਦਰ ਕਿੱਲਾ, ਲੁਕਣਮੀਟੀ, ਬਾਰ੍ਹਾਂਬੀਟੀ, ਫੁੱਟਬਾਲ, ਕਬੱਡੀ ਘੋਲ, ਖ਼ੋ-ਖ਼ੋ ਆਦਿ ਖੇਡਿਆ ਕਰਦੇ ਸਨ, ਜਿਸ ਕਾਰਣ ਉਨ੍ਹਾਂ ਦੀ ਸਿਹਤ ਵੀ ਤੰਦਰੁਸਤ ਰਹਿੰਦੀ ਸੀ ਅਤੇ ਉਨ੍ਹਾਂ ਅੰਦਰ ਜੋੜਾਂ ਦੇ ਦਰਦਾਂ ਦੀ ਸਮੱਸਿਆ ਕਦੇ ਨਹੀਂ ਸੀ ਆਉਂਦੀ ਪਰ ਅੱਜ ਦੇ ਟੈਕਨਾਲੋਜੀ ਦੇ ਦੌਰ ਵਿਚ ਜਦੋਂ ਤੋਂ ਇੰਟਰਨੈੱਟ ਆਇਆ ਹੈ, ਉਦੋਂ ਤੋਂ ਬੱਚਿਆਂ ਦੇ ਨਾਲ-ਨਾਲ ਨੌਜਵਾਨ ਇੰਟਰਨੈੱਟ ਦੀ ਵਰਤੋਂ ਕਾਫ਼ੀ ਹੱਦ ਤਕ ਕਰ ਰਹੇ ਹਨ। ਬੱਚੇ ਆਪਣਾ ਵਾਧੂ ਸਮਾਂ ਸਮਾਰਟਫ਼ੋਨਾਂ, ਕੰਪਿਉੂਟਰਾਂ 'ਤੇ ਵੀਡਿਓਜ਼ ਗੇਮਜ਼ ਖੇਡਣ 'ਚ ਗੁਜ਼ਾਰਦੇ ਹਨ, ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਸਰੀਰਿਕ ਕਸਰਤ ਲਈ ਨੌਜਵਾਨ ਜਿਮਾਂ ਦੇ ਬਣੇ ਸ਼ੌਕੀਨ
ਜਿੱਥੇ ਇਕ ਪਾਸੇ ਬੱਚਿਆਂ, ਨੌਜਵਾਨਾਂ ਨੂੰ ਪੌਸ਼ਟਿਕ ਆਹਾਰ ਨਹੀਂ ਮਿਲਦਾ, ਉਥੇ ਹੀ ਅਨਾਜ 'ਤੇ ਮਾਰੂ ਰੇਆਂ ਸਪਰੇਆਂ ਦੇ ਛਿੜਕਾਅ ਕਾਰਣ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਫ਼ਿਜ਼ੀਕਲ ਖੇਡਾਂ 'ਚ ਨੌਜਵਾਨਾਂ ਦੀ ਰੁਚੀ ਨਾਮਾਤਰ ਰਹਿ ਗਈ ਹੈ, ਜਿਸ ਕਰ ਕੇ ਬੱਚਿਆਂ ਦਾ ਚੰਗੀ ਤਰ੍ਹਾਂ ਸਰੀਰਿਕ ਵਿਕਾਸ ਨਹੀਂ ਹੋ ਪਾਉਂਦਾ, ਜਿੱਥੋਂ ਤਕ ਗੱਲ ਨੌਜਵਾਨਾਂ ਦੀ ਹੈ ਤਾਂ ਬਹੁਤ ਨੌਜਵਾਨ ਫ਼ਿਜ਼ੀਕਲ ਖੇਡਾਂ ਵੱਲ ਤਵੱਜੋਂ ਨਹੀਂ ਦਿੰਦੇ ਅਤੇ ਆਪਣਾ ਵਾਧੂ ਸਮਾਂ ਵੀਡੀਓ ਗੇਮਾਂ ਦੇ ਸਹਾਰੇ ਹੀ ਕੱਟਦੇ ਹਨ। ਅਜਿਹੇ ਵਿਚ ਨੌਜਵਾਨ ਆਪਣੇ ਆਪ ਨੂੰ ਫ਼ਿੱਟ ਰੱਖਣ ਲਈ ਹੁਣ ਜਿਮ ਦਾ ਸਹਾਰਾ ਲੈਣ ਲੱਗੇ ਹਨ।

Karan Kumar

This news is Content Editor Karan Kumar