ਗਰਮੀਂ ਦੇ ਕਾਰਨ ਖੜੀ ਕਣਕ ਦੇ ਸਿੱਟੇ ਸੁੱਕੇ, ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ

03/26/2021 2:30:39 PM

ਧਰਮਕੋਟ (ਅਕਾਲੀਆਂਵਾਲਾ) - ਠੰਡੇ ਮੌਸਮ ਤੋਂ ਬਾਅਦ ਆਈ ਗਰਮੀ ਕਾਰਣ ਬੇਸ਼ੱਕ ਕਣਕਾਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਪਰ ਕਣਕ ਦੇ ਸਿੱਟੇ ਸੁੱਕਣ ਦੇ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਕਣਕ ਦੀ ਫ਼ਸਲ ਆਉਣ ਵਿਚ 10-15 ਦਿਨ ਦਾ ਸਮਾਂ ਰਹਿ ਗਿਆ ਹੈ, ਜਦੋਂ ਕਿਸਾਨ ਖੇਤਾਂ ਵਿਚ ਖੜੀ ਕਣਕ ਦੇ ਸਿੱਟੇ ਸੁੱਕੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਝਾੜ ਘਟਣ ਦੀਆਂ ਚਿੰਤਾਵਾਂ ਖਾ ਰਹੀਆਂ ਹਨ।

ਪਿੰਡ ਅਕਾਲੀਆਂਵਾਲਾ ਦੇ ਰਾਜਪਾਲ ਸਿੰਘ, ਮੇਲਕ ਕੰਗਾਂ ਦੇ ਰਣਜੀਤ ਸਿੰਘ ਜੀਤਾ ਸ਼ਾਹ, ਬਲਰਾਜ ਸਿੰਘ ਅਤੇ ਪਿੰਡ ਸੈਦੇਸ਼ਾਹਵਾਲਾ ਦੇ ਨੰਬਰਦਾਰ ਬਲਵੀਰ ਸਿੰਘ ਉੱਪਲ ਨੇ ਦੱਸਿਆ ਕਿ ਕਣਕ ਦੇ ਸਿੱਟੇ ਸੁੱਕ ਰਹੇ ਹਨ। ਇਸ ਨਾਲ ਉਨ੍ਹਾਂ ਦੀ ਉਪਜ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਬੀਮਾਰੀ ਇਸੇ ਤਰ੍ਹਾਂ ਰਹੀ ਤਾਂ ਕਣਕ ਦਾ ਤੀਜਾ ਹਿੱਸਾ ਝਾੜ ਘਟ ਜਾਵੇਗਾ। ਬੇਸ਼ੱਕ ਕਿਸਾਨ ਇਸ ਨੂੰ ਉੱਲੀ ਰੋਗ ਦਾ ਨਾਂ ਦੇ ਰਹੇ ਹਨ ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਗੱਲੋਂ ਇੰਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਸਭ ਕੁਝ ਇਕਦਮ ਮੌਸਮ ਵਿਚ ਤਬਦੀਲੀ ਆਉਣ ਕਾਰਣ ਹੋਇਆ ਹੈ।

ਮੌਸਮ ’ਚ ਗਰਮੀ ਸਰਦੀ ਵਧਣ ਘਟਣ ਕਰ ਕੇ ਇਹ ਰੋਗ ਪੈਦਾ ਹੋਇਆ : ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਫ਼ਸਰ ਡਾ. ਗੁਰਬਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਣਕ ਦੇ ਸਿੱਟੇ ’ਚੋਂ-’ਚੋਂ ਸੁੱਕ ਰਹੇ ਹਨ, ਜਿਸ ਨਾਲ ਕਿਸਾਨਾਂ ’ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਮੌਸਮ ਦੇ ਇਕਦਮ ਸਰਦ ਅਤੇ ਗਰਮ ਹੋਣ ਦੇ ਨਾਲ ਵਾਪਰ ਰਿਹਾ ਹੈ, ਕਿਉਂਕਿ ਇਸ ਵਾਰ ਗਰਮੀ ਨੇ ਫਰਵਰੀ ਮਹੀਨੇ ਵਿਚ ਦਸਤਕ ਦੇ ਦਿੱਤੀ ਸੀ। ਹੁਣ ਵੀ ਅਪ੍ਰੈਲ ਵਾਂਗ ਦਿਨ ਲੱਗ ਰਹੇ ਹਨ ਅਤੇ ਮੌਸਮ ਦੀ ਖ਼ਰਾਬੀ ਕਾਰਣ ਕਿਤੇ ਵਾਤਾਵਰਣ ਵਿਚ ਠੰਡ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਣ ਕਣਕ ਦੇ ਸਿੱਟੇ ਸੁੱਕ ਰਹੇ ਹਨ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ 13045 ਦੀ ਸਪਰੇਅ ਕਰਨ, ਜਿਸ ਨਾਲ ਇਸ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜਾਗਰੂਕ ਕਰੇ : ਢੋਸ
ਸੀਨੀਅਰ ਆਗੂ ਕੁਲਦੀਪ ਸਿੰਘ ਢੋਸ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਆ ਰਹੀ ਇਸ ਮੁਸ਼ਕਿਲ ਵੱਲ ਤੁਰੰਤ ਧਿਆਨ ਦੇਵੇ। ਉਨ੍ਹਾਂ ਕਿਹਾ ਕਣਕ ਦੀ ਖ਼ਰੀਦ ਅਧਿਕਾਰਤ ਤੌਰ ’ਤੇ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਕੋਰੋਨਾ ਹੋਣ ਕਾਰਣ ਇਹ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਸਰਕਾਰ ਨੇ ਘੋਸ਼ਣਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਲਵਾ ਖੇਤਰ ਦੇ ਕਈ ਹਿੱਸਿਆਂ ਵਿਚ ਕਣਕ ਦੀ ਵਾਢੀ ਵਿਸਾਖੀ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸ ਲਈ ਪੰਜਾਬ ਸਰਕਾਰ ਇਲਾਕਿਆਂ ਦੇ ਹਿਸਾਬ ਨਾਲ ਕਣਕ ਦੀ ਖ਼ਰੀਦ ਸ਼ੁਰੂ ਕਰਵਾਏ। ਉਨ੍ਹਾਂ ਕਣਕ ਦੇ ਸਿੱਟੇ ਸੁੱਕਣ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਇਸ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰੇ।


rajwinder kaur

Content Editor

Related News