ਸੁਖਪਾਲ ਖਹਿਰਾ ਰੋਟੀ ਹਜ਼ਮ ਕਰਨ ਲਈ ਰੋਜ਼ਾਨਾ ਗਲਤ ਬਿਆਨਬਾਜ਼ੀ ਕਰਨ ਦਾ ਆਦੀ : ਧਰਮਸੌਤ

07/18/2018 1:32:08 PM

ਨਾਭਾ, 17 ਜੁਲਾਈ (ਜੈਨ)—ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਥੇ ਸ਼ਾਂਤੀ ਐਨਕਲੇਵ ਸਥਿਤ ਆਪਣੀ ਰਿਹਾਇਸ਼ ਵਿਖੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸੁਖਪਾਲ ਸਿੰਘ ਖਹਿਰਾ ਬੇਬੁਨਿਆਦ ਗੱਲਾਂ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਰੋਜ਼ਾਨਾ ਰੋਟੀ ਹਜ਼ਮ ਕਰਨ ਲਈ ਖਹਿਰਾ ਗਲਤ ਬਿਆਨਬਾਜ਼ੀ ਕਰਨ ਦਾ ਆਦੀ ਹੋ ਚੁੱਕਾ ਹੈ। ਸ਼੍ਰੀ ਨੈਣਾ ਦੇਵੀ ਲਾਗੇ ਪੁਲਸ ਮੁਕਾਬਲੇ ਨੂੰ ਝੂਠਾ ਕਹਿ ਕੇ ਖਹਿਰਾ ਨੇ ਪੁਲਸ ਦਾ ਮਨੋਬਲ ਡੇਗਣ ਦਾ ਯਤਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਖਹਿਰਾ ਸਰਕਾਰ ਦੇ ਚੰਗੇ ਕੰਮਾਂ ਨੂੰ ਵੀ ਮਾੜਾ ਕਹਿ ਰਿਹਾ ਹੈ। ਸੂਬੇ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਖਤਮ ਹੋ ਗਿਆ ਹੈ। ਖਹਿਰਾ ਦੀ ਨਾ ਹੀ ਦਿੱਲੀ ਦਰਬਾਰ ਵਿਚ ਸੁਣਵਾਈ ਤੇ ਇੱਜ਼ਤ ਹੈ ਅਤੇ ਨਾ ਹੀ ਸੂਬੇ ਵਿਚ ਵੁਕਤ। ਹੁਣ ਪੁੱਠੇ-ਸਿੱਧੇ ਬਿਆਨ ਦੇ ਕੇ ਸੁਰਖੀਆਂ ਵਿਚ ਬਣੇ ਰਹਿਣ ਦੀ ਆਦਤ ਬਣ ਗਈ ਹੈ। ਧਰਮਸੌਤ ਨੇ ਦਾਅਵਾ ਕੀਤਾ ਕਿ ਸੂਬੇ ਵਿਚੋਂ 'ਚਿੱਟਾ' ਖਤਮ ਹੋ ਗਿਆ ਹੈ। ਹੁਣ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਨਿਗਰਾਨੀ ਕਰਨ। ਇਕ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ 16 ਹਜ਼ਾਰ ਕਿਲੋਮੀਟਰ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਲਈ ਰਾਸ਼ੀ ਜਮ੍ਹਾ ਕਰਵਾ ਦਿੱਤੀ ਗਈ ਹੈ।
ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਸਰਵਮੋਹਿਤ ਮੋਨੂੰ ਡੱਲਾ, ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ, ਇੰਕਾ ਆਗੂ ਬਾਬਾ ਬਚਿੱਤਰ ਸਿੰਘ, ਮਹਿਲਾ ਕਾਂਗਰਸ ਪ੍ਰਧਾਨ ਸ਼੍ਰੀਮਤੀ ਰੀਨਾ ਬਾਂਸਲ, ਹੇਮੰਤ ਬੱਲੂ, ਗੁਰਜੰਟ ਸਿੰਘ ਦੁਲੱਦੀ, ਚਰਨਜੀਤ ਬਾਤਿਸ਼ ਤੇ ਹੋਰ ਆਗੂ ਹਾਜ਼ਰ ਸਨ।