ਕਾਂਗਰਸ ਨੇ ਕਈ ਵਾਅਦੇ ਕੀਤੇ ਪਰ ਨਿਭਾਇਆ ਇਕ ਵੀ ਨਹੀਂ : ਖਹਿਰਾ

12/11/2018 4:39:29 PM

ਮਾਨਸਾ(ਅਮਰਜੀਤ)— ਸੁਖਪਾਲ ਖਹਿਰਾ, ਬੈਂਸ ਭਰਾਵਾਂ ਤੇ ਡਾ. ਧਰਮਵੀਰ ਗਾਂਧੀ ਵਲੋਂ ਸ਼ੁਰੂ ਕੀਤਾ ਗਿਆ ਇਨਸਾਫ ਮਾਰਚ ਅੱਜ ਤੀਜੇ ਦਿਨ ਮਾਨਸਾ ਜ਼ਿਲੇ ਦੇ ਪਿੰਡਾਂ 'ਚ ਪਹੁੰਚਿਆ, ਜਿਸ ਤੋਂ ਬਾਅਦ ਇਹ ਇਨਸਾਫ ਮਾਰਚ ਬਰਨਾਲਾ ਵੱਲ ਰਵਾਨਾ ਹੋਵੇਗਾ। ਇਸ ਮੌਕੇ 'ਤੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਬੈਂਸ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਅੱਜ ਪੰਜਾਬ ਵਿਚ ਹਰ ਵਰਗ ਦੁਖੀ ਹੈ। ਲਾਅ ਐਂਡ ਆਰਡਰ ਦੀ ਸਥਿਤੀ 'ਤੇ ਕੋਈ ਕੰਟਰੋਲ ਨਹੀਂ ਹੈ। ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ, ਜਿਸ ਕਾਰਨ ਕਈ ਪਰਿਵਾਰਾਂ ਦੇ ਚਿਰਾਗ ਬੁੱਝ ਰਹੇ ਹਨ।

ਬਰਗਾੜੀ ਮੋਰਚੇ 'ਤੇ ਬੋਲਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਨਹੀਂ ਚੁੱਕਿਆ ਜਾਣਾ ਚਾਹੀਦਾ, ਜਦੋਂ ਤੱਕ ਬੇਅਦਬੀ ਕਰਨ ਵਾਲੇ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ, ਚਾਹੇ ਉਹ ਕੋਈ ਵੀ ਹੋਣ। ਕਾਂਗਰਸ ਸਰਕਾਰ ਨੇ ਕਦੇ ਕੋਈ ਇਨਸਾਫ ਨਹੀਂ ਕੀਤਾ ਹੈ, ਇਨ੍ਹਾਂ ਨੇ ਹੁਣ ਤੱਕ ਕਈ ਵਾਅਦੇ ਕੀਤੇ ਹਨ ਪਰ ਨਿਭਾਇਆ ਇਕ ਵੀ ਨਹੀਂ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੰਗਤ ਤੋਂ ਮੁਆਫੀ ਮੰਗਣ ਦੇ ਬਾਰੇ ਵਿਚ ਸੁਖਪਾਲ ਖਹਿਰਾ ਨੇ ਕਿਹਾ ਕਿ ਅਕਾਲੀਆਂ ਨੇ ਜੋ ਪੰਜਾਬ ਦੇ ਲੋਕਾਂ 'ਤੇ ਜ਼ੁਲਮ ਢਾਹਿਆ ਹੈ, ਉਸ ਲਈ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਖਹਿਰਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਨ੍ਹਾਂ ਕੋਲੋਂ ਫਖ਼ਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਦੀ ਵੀ ਅਪੀਲ ਕੀਤੀ ਹੈ।

cherry

This news is Content Editor cherry