ਆਰਥਿਕ ਤੰਗੀ ਕਾਰਨ ਦੋ ਵਿਅਕਤੀਆਂ ਨੇ ਕੀਤੀ ਖ਼ੁਦਕੁਸ਼ੀ
09/14/2021 6:08:46 PM
ਮਲੋਟ (ਜ.ਬ.): ਬੀਤੀ ਰਾਤ ਮਲੋਟ ਵਿਖੇ ਆਰਥਿਕ ਤੰਗੀ ਕਾਰਨ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਹੁਲ (27) ਪੁੱਤਰ ਅਸ਼ੋਕ ਕੁਮਾਰ ਵਾਸੀ ਬਿਰਲਾ ਰੋਡ ਮਲੋਟ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਨੌਜਵਾਨ ਫਾਸਟ ਫੂਡ ਦਾ ਕੰਮ ਕਰਦਾ ਸੀ ਅਤੇ ਕੰਮ ਨਾ ਹੋਣ ਕਾਰਨ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ। ਸਿਟੀ ਪੁਲਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਕ ਹੋਰ ਮਾਮਲੇ ’ਚ ਵੈਲਡਿੰਗ ਦਾ ਕੰਮ ਕਰਨ ਵਾਲੇ 41 ਸਾਲਾ ਹਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਮਲੋਟ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਕਾਰੋਬਾਰ ਵਿਚ ਮੰਦੀ ਕਾਰਨ ਪਰੇਸ਼ਾਨ ਰਹਿੰਦਾ ਸੀ। ਸਿਟੀ ਮਲੋਟ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।