ਦੋ ਮੰਜ਼ਿਲਾ ਬਿਲਡਿੰਗ ਤੋਂ ਕੁੱਦਿਆ, ਦਰਿਆ ’ਚ ਮਾਰੀ ਛਾਲ ਤੇ ਹੁਣ ਚਾਕੂ ਨਾਲ ਗਰਦਨ ਕੱਟ ਲਈ, ਫਿਰ ਬਚਿਆ

11/16/2018 5:44:18 AM

ਫਿਲੌਰ, (ਭਾਖਡ਼ੀ)- ਇਸ ਘਟਨਾ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਵੇਗਾ। ਇਕ ਅਜਿਹਾ ਨੌਜਵਾਨ, ਜੋ ਮਰਨਾ ਚਾਹੁੰਦਾ ਹੈ ਅਤੇ ਉਹ ਹਰ ਵਾਰ ਮੌਤ ਨੂੰ ਗਲੇ ਲਾਉਣ ਲਈ ਖੌਫਨਾਕ ਕਦਮ ਉਠਾਉਂਦਾ ਹੈ ਪਰ ਹਰ ਵਾਰ ਮੌਤ ਉਸ ਨੂੰ ਛੂਹ ਕੇ ਚਲੀ ਜਾਂਦੀ ਹੈ। 25 ਸਾਲਾ ਅਨਿਲ ਕੁਮਾਰ ਤਿੰਨ ਵਾਰ ਮੌਤ ਨੂੰ ਮਾਤ ਦੇ ਚੁੱਕਾ ਹੈ। ਪਹਿਲੀ ਵਾਰ ਦੋ ਮੰਜ਼ਿਲਾ ਬਿਲਡਿੰਗ ਤੋਂ ਮਰਨ ਲਈ ਕੁੱਦਿਆ, ਦੂਸਰੀ ਵਾਰ ਦਰਿਆ ’ਚ ਛਾਲ ਮਾਰੀ ਤੇ ਅੱਜ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਗਰਦਨ ਕੱਟ ਲਈ, ਜਿਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਕੋਈ ਫਿਲਮੀ ਕਹਾਣੀ ਨਹੀਂ, ਸਗੋਂ ਸੱਚੀ ਘਟਨਾ ਹੈ। ਹਰ ਕਿਸੇ ਨੇ ਗੋਵਿੰਦਾ ਦੀ ਉਹ ਫਿਲਮ ਤਾਂ ਦੇਖੀ ਹੋਵੇਗੀ, ਜਿਸ ਵਿਚ ਉਹ ਆਪਣੇ ਪਰਿਵਾਰ ਨੂੰ ਆਪਣੀ ਮੌਤ ਤੋਂ ਬਾਅਦ ਮਿਲਣ ਵਾਲੀ ਇੰਸ਼ੋਰੈਂਸ ਦੇ ਚੱਕਰ ਵਿਚ ਕਈ ਵਾਰ ਜਾਨ ਦੀ ਬਾਜ਼ੀ ਲਾ ਦਿੰਦਾ ਹੈ ਅਤੇ ਹਰ ਵਾਰ ਮੌਤ ਦੇ ਮੂੰਹ ਵਿਚ ਜਾ ਕੇ ਫਿਰ ਬਚ ਜਾਂਦਾ ਹੈ ਪਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਅਨਿਲ ਕੁਮਾਰ ਜੋ ਰੋਜ਼ਗਾਰ ਦੇ ਚੱਕਰ ਵਿਚ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿਚ ਰਹਿ ਰਿਹਾ ਹੈ, ਉਸ ਦੀ ਨਾ ਤਾਂ ਕੋਈ ਇੰਸ਼ੋਰੈਂਸ ਹੋਈ ਹੈ ਅਤੇ ਅਜਿਹਾ ਵੀ ਨਹੀਂ ਕਿ ਉਸ ਨੂੰ ਇਥੇ ਕੋਈ ਕੰਮ ਨਹੀਂ ਮਿਲ ਰਿਹਾ।  ਸਗੋਂ ਉਹ ਚੰਗੀ ਤਨਖਾਹ ’ਤੇ ਸਥਾਨਕ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਵੇਟਰ ਦੀ ਨੌਕਰੀ ਕਰ ਰਿਹਾ ਹੈ। ਫਿਰ ਵੀ ਉਹ ਪਤਾ  ਨਹੀਂ ਕਿਉਂ ਫਿਲਮੀ ਐਕਟਰ ਗੋਵਿੰਦਾ ਦੀ ਨਕਲ ਕਰਦੇ ਹੋਏ ਤਿੰਨ ਵਾਰ ਮੌਤ ਨੂੰ ਗਲੇ ਲਾਉਣ ਦੇ ਚੱਕਰ ਵਿਚ ਆਪਣੀ ਚੰਗੀ ਨੌਕਰੀ ਤੋਂ ਵੀ ਹੱਥ ਧੋ ਬੈਠਦਾ ਹੈ ਅਤੇ ਮੌਤ ਹੈ ਕਿ ਹਰ ਵਾਰ ਉਸ ਦੇ ਨੇਡ਼ਿਓਂ ਲੰਘ ਜਾਂਦੀ ਹੈ, ਜਿਸ ਦਾ ਉਸ ਨੂੰ ਪਛਤਾਵਾ ਹੁੰਦਾ ਹੈ ਅਤੇ ਅਗਲੀ ਵਾਰ ਉਹ ਫਿਰ ਨਵੇਂ ਤਰੀਕੇ ਨਾਲ ਮਰਨ ਦੀ ਤਰਕੀਬ ਸੋਚਦਾ ਹੈ। ਅਨਿਲ ਕੁਮਾਰ ਦੇ ਇਕ ਨਜ਼ਦੀਕੀ ਜਾਣਕਾਰ ਨੇ ਦੱਸਿਆ ਕਿ ਡੇਢ ਸਾਲ ਵਿਚ ਤੀਸਰੀ ਵਾਰ ਉਸ ਨੇ ਮੌਤ ਨੂੰ ਗਲੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ ਮਰਨ ਲਈ ਉਸ ਨੇ ਦੋ ਮੰਜਿਲਾ ਬਿਲਡਿੰਗ ਤੋਂ ਛਲਾਂਗ ਲਾਈ। ਉਹ ਕਿਸੇ ਤਰ੍ਹਾਂ ਬਚ ਨਿਕਲਿਆ ਪਰ ਉਸ ਦੇ ਸਰੀਰ ਦੀਆਂ ਬਹੁਤ ਸਾਰੀਆਂ ਹੱਡੀਆਂ ਟੁੱਟ ਗਈਆਂ, ਜਿਸ ਕਾਰਨ ਉਸ ਦਾ ਕਾਫੀ ਦੇਰ ਤੱਕ ਹਸਪਤਾਲ ’ਚ ਇਲਾਜ ਚੱਲਿਆ। ਦੂਸੀ ਵਾਰ ਉਸ ਨੇ ਠੀਕ ਹੋਣ ਉਪਰੰਤ ਮਰਨ ਲਈ ਸਤਲੁਜ ਦਰਿਆ ’ਚ ਛਾਲ ਮਾਰ ਦਿੱਤੀ, ਉਸ ਨੂੰ ਡੁੱਬਦਾ ਦੇਖ ਕੇ ਮਛੇਰਿਆਂ ਨੇ ਕਿਸੇ ਤਰ੍ਹਾਂ ਬਚਾਅ ਕੇ ਦਰਿਆ ’ਚੋਂ ਬਾਹਰ ਕੱਢ ਲਿਆ। ਜਦੋਂ ਉਸ ਨੂੰ ਪੁੱਛਿਆ ਕਿ ਮਰਨਾ ਕਿਉਂ ਚਾਹੁੰਦਾ ਹੈ ਤਾਂ ਉਸ ਨੇ ਕਿਹਾ ਕਿ ਇਸ ਦਾ ਜਵਾਬ ਤਾਂ ਉਸ ਦੇ ਕੋਲ ਵੀ ਨਹੀਂ ਹੈ। ਅੱਜ ਦੁਪਹਿਰ ਨੂੰ ਅਨਿਲ ਜਿਸ ਸਥਾਨਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ, ਉਥੋਂ ਤੇਜ਼ਧਾਰ ਚਾਕੂ ਚੁੱਕ ਕੇਆਪਣੀ ਗਰਦਨ ਨੂੰ ਬੁਰੀ ਤਰ੍ਹਾਂ ਨਾਲ ਕੱਟ ਲਿਆ। ਖੂਨ ਨਾਲ ਲਥਪਥ ਬੇਹੋਸ਼ ਪਏ ਅਨਿਲ ਨੂੰ ਜਦੋਂ ਸਫਾਈ ਕਰਮਚਾਰੀ ਔਰਤ ਨੇ ਦੇਖਿਆ ਤਾਂ ਉਸ ਨੇ ਰੌਲਾ ਪਾਇਆ, ਜਿਸ ਨੂੰ ਤੁਰੰਤ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਸਥਾਨਕ ਇਲਾਜ ਕਰਨ ਵਾਲੇ ਡਾਕਟਰਾਂ ਮੁਤਾਬਕ ਉਸ ਦੇ ਗਲੇ ਦੀਆਂ ਜ਼ਿਆਦਾਤਰ ਨਸਾਂ ਬੁਰੀ ਤਰ੍ਹਾਂ ਕੱਟੀਅਾਂ ਜਾ ਚੁੱਕੀਆਂ ਹਨ, ਜਿਸ ਕਾਰਨ ਉਸ ਦਾ ਖੂਨ ਜ਼ਿਆਦਾ ਨਿਕਲ ਗਿਆ। ਜੇਕਰ ਥੋਡ਼੍ਹੀ ਜਿਹੀ ਦੇਰ ਹੋਰ ਹੋ ਜਾਂਦੀ ਤਾਂ ਉਸ ਦਾ ਬਚਣਾ ਮੁਸ਼ਕਲ ਸੀ।ਥਾਣਾ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ ਕਿ ਅਨਿਲ ਅਜੇ ਪੂਰੀ ਤਰ੍ਹਾਂ ਨਾਲ ਹੋਸ਼ ਵਿਚ ਨਹੀਂ ਆਇਆ। ਉਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਹ ਹਰ ਵਾਰ ਮਰਨ ਦੀ ਕੋਸ਼ਿਸ਼ ਕਿਉਂ ਕਰਦਾ ਹੈ, ਜਿਸ ਦੇ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Related News