ਪਤਨੀ ਦੀ ਬਦਨਾਮੀ ਕਰਨ ਵਾਲਿਆਂ ਤੋਂ ਤੰਗ ਆ ਕੇ ਪਤੀ ਨੇ ਲਿਆ ਫਾਹਾ

01/03/2020 5:40:39 PM

ਮੋਗਾ (ਅਜ਼ਾਦ): ਅਕਾਲਸਰ ਗੁਰਦੁਆਰਾ ਸਾਹਿਬ ਦੇ ਕੋਲ ਮਿਸਤਰੀ ਵਾਲੀ ਗਲੀ ਮੋਗਾ ਨਿਵਾਸੀ ਬਲਵੀਰ ਸਿੰਘ ਨੇ ਆਪਣੀ ਪਤਨੀ ਦੀ ਬਦਨਾਮੀ ਕਰਨ ਵਾਲਿਆਂ ਤੋਂ ਤੰਗ ਆ ਕੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਦੇਵ, ਉਸਦੀ ਪਤਨੀ ਹਰਜਿੰਦਰ ਕੌਰ ਉਰਫ ਬੱਬੀ, ਪੁੱਤਰ ਜੱਸੀ, ਅਮਨ ਨਿਵਾਸੀ ਮਿਸਤਰੀ ਵਾਲੀ ਗਲੀ ਮੋਗਾ, ਪਵਨ ਨਿਵਾਸੀ ਮੋਗਾ ਅਤੇ ਰਾਜਾ ਨਿਵਾਸੀ ਮਟਾਂ ਵਾਲਾ ਵਿਹੜਾ ਮੋਗਾ ਦੇ ਖਿਲਾਫ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਸਾਊਥ ਮੋਗਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਸਾਉਥ ਮੋਗਾ ਦੇ ਇੰਚਾਰਜ ਗੁਰਪ੍ਰੀਤ ਸਿੰਘ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਉਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਸਵੀਰ ਕੌਰ ਪਤਨੀ ਬਲਵੀਰ ਕੁਮਾਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰਦੀ ਹੈ ਅਤੇ ਉਸਦਾ ਵਿਆਹ ਕਰੀਬ 24 ਸਾਲ ਪਹਿਲਾਂ ਬਲਵੀਰ ਸਿੰਘ ਪੁੱਤਰ ਲਾਲ ਸਿੰਘ ਦੇ ਨਾਲ ਹੋਇਆ ਸੀ, ਮੇਰੇ ਦੋ ਲੜਕੇ ਹਨ। ਮੇਰੇ ਗੁਆਂਢ 'ਚ ਹੀ ਇਕ ਦੇਵ ਦਾ ਘਰ ਹੈ, ਜਿਸ ਦੀ ਪਤਨੀ ਹਰਜਿੰਦਰ ਕੌਰ ਉਰਫ ਬੱਬੀ ਮੇਰੇ 'ਤੇ ਸ਼ੱਕ ਕਰਦੀ ਸੀ ਕਿ ਉਸਦੇ ਦੇਵ ਦੇ ਨਾਲ ਨਾਜਾਇਜ਼ ਸਬੰਧ ਹਨ। ਇਸ ਸਬੰਧੀ ਉਸਨੇ ਥਾਣਾ ਸਿਟੀ ਸਾਉਥ 'ਚ ਸ਼ਿਕਾਇਤ ਪੱਤਰ ਵੀ ਦਿੱਤਾ ਸੀ ਪਰ ਦੋਵਾਂ ਧਿਰਾਂ ਦੇ ਵਿਚਕਾਰ ਰਾਜੀਨਾਮਾ ਹੋ ਗਿਆ ਪਰ ਕਥਿਤ ਦੋਸ਼ੀ ਮੇਰੇ ਪਤੀ ਬਲਵੀਰ ਕੁਮਾਰ ਨੂੰ ਤਾਹਨੇ-ਮਹਿਣੇ ਮਾਰਦੇ ਰਹਿੰਦੇ ਸਨ ਅਤੇ ਮੈਨੂੰ ਬਦਨਾਮ ਕਰਦੇ ਸਨ। ਜਿਸ ਕਾਰਣ ਮੇਰਾ ਪਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ।

ਬੀਤੀ 2 ਜਨਵਰੀ ਨੂੰ ਜਦ ਮੇਰਾ ਪਤੀ ਸ਼ਾਮ ਸਾਢੇ 7 ਵਜੇ ਦੇ ਕਰੀਬ ਘਰ ਆਇਆ ਤਾਂ ਕਮਰੇ 'ਚ ਜਾ ਕੇ ਉਸੇ ਅੰਦਰ ਤੋਂ ਦਰਵਾਜ਼ਾ ਬੰਦ ਕਰ ਲਿਆ। ਜਦ ਮੈਂ ਦਰਵਾਜਾ ਖੋਲਣ ਦਾ ਯਤਨ ਕੀਤਾ ਤਾਂ ਦੇਖਿਆ ਕਿ ਦਰਵਾਜਾ ਅੰਦਰ ਤੋਂ ਬੰਦ ਸੀ। ਜਿਸ 'ਤੇ ਮੈਂ ਆਪਣੇ ਜੇਠ ਸਤਪਾਲ ਸਿੰਘ ਨੂੰ ਬੁਲਾਇਆ ਅਤੇ ਧੱਕਾ ਮਾਰ ਕੇ ਦਰਵਾਜਾ ਖੋਲਿਆ ਤਾਂ ਦੇਖਿਆ ਕਿ ਉਸਦਾ ਪਤੀ ਬਲਵੀਰ ਕੁਮਾਰ ਛੱਤ 'ਤੇ ਲੱਗੇ ਗਾਰਡਰ ਨਾਲ ਫਾਹਾ ਲਗਾ ਕੇ ਲਟਕਇਆ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ, ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News