ਬਲੈਕਮੇਲਿੰਗ ਤੋਂ ਤੰਗ ਲੜਕੀ ਨੇ ਜ਼ਹਿਰ ਖਾ ਕੇ ਕੀਤੀ ਆਤਮ-ਹੱਤਿਆ

09/16/2019 8:08:15 PM

ਪਟਿਆਲਾ (ਬਲਜਿੰਦਰ)-ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿਚ ਰਹਿੰਦੀ ਇਕ ਲੜਕੀ ਨੇ ਬਲੈਕਮੇਲਿੰਗ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਜਾਨ ਦੇ ਦਿੱਤੀ। ਇਸ ਮਾਮਲੇ ਵਿਚ ਪੁਲਸ ਨੇ ਲੜਕੀ ਦੇ ਪਿਤਾ ਦੀ ਸ਼ਿਕਾÎਇਤ ਦੇ ਆਧਾਰ 'ਤੇ ਬਲੈਕਮੇਲ ਕਰਨ ਵਾਲੇ ਵਿਅਕਤੀ ਵਿਸ਼ਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮੱਦੋਮਾਜਰਾ ਖਿਲਾਫ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਲੜਕੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 21 ਸਾਲ ਦੀ ਲੜਕੀ ਨੌਕਰੀ ਕਰਦੀ ਸੀ। ਉਹ ਕੰਮ ਤੋਂ ਵਾਪਸ ਆਈ ਅਤੇ ਬਿਨਾਂ ਰੋਟੀ ਖਾਧੇ ਸੌਂ ਗਈ। ਅਗਲੇ ਦਿਨ ਲੜਕੀ ਨੂੰ ਉਲਟੀਆਂ ਲੱਗ ਗਈਆਂ। ਜ਼ਿਆਦਾ ਤਬੀਅਤ ਖਰਾਬ ਹੋਣ ਕਾਰਣ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਉਥੋਂ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ। ਰਸਤੇ ਵਿਚ ਲੜਕੀ ਨੇ ਦੱਸਿਆ ਕਿ ਵਿਸ਼ਾਲ ਸਿੰਘ ਉਸ ਨਾਲ ਪਿਛਲੇ ਇਕ ਸਾਲ ਤੋਂ ਵਿਆਹ ਦਾ ਝਾਂਸਾ ਦੇ ਕੇ ਨਾਜਾਇਜ਼ ਸਬੰਧ ਬਣਾ ਰਿਹਾ ਹੈ। ਹੁਣ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਲੜਕੀ ਨੇ ਦੱਸਿਆ ਕਿ ਇੰਨਾ ਹੀ ਨਹੀਂ, ਹੁਣ ਉਸ ਨੂੰ ਬਲੈਕਮੇਲ ਵੀ ਕਰਨ ਲੱਗ ਪਿਆ। ਤੰਗ ਆ ਕੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ। ਉਸ ਦੀ ਰਸਤੇ ਵਿਚ ਜਾਂਦੇ ਹੋਏ ਮੌਤ ਹੋ ਗਈ। ਪੁਲਸ ਨੇ ਵਿਸ਼ਾਲ ਸਿੰਘ ਖਿਲਾਫ 306 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਸ਼ਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Karan Kumar

This news is Content Editor Karan Kumar