ਦਵਾਈ ਲੈਣ ਆਏ ਵਿਅਕਤੀ ਦੀ ਮੈਡੀਕਲ ਸਟੋਰ ’ਤੇ ਅਚਾਨਕ ਹੋਈ ਮੌਤ

04/12/2020 12:57:03 AM

ਡੇਰਾਬੱਸੀ, (ਅਨਿਲ)- ਅੱਜ ਸਵੇਰੇ ਪਤੀ-ਪਤਨੀ ਦਵਾਈ ਲੈਣ ਲਈ ਡੇਰਾਬੱਸੀ ਦੇ ਇਕ ਮੈਡੀਕਲ ਸਟੋਰ ’ਤੇ ਆਏ ਪਰ ਵਿਅਕਤੀ ਦੀ ਛਾਤੀ ’ਚ ਅਚਾਨਕ ਦਰਦ ਹੋਣ ਲੱਗ ਪਿਆ ਤੇ ਉਹ ਉੱਥੇ ਹੀ ਡਿੱਗ ਪਿਆ, ਜਿਸ ਦੀ ਹਸਪਤਾਲ ਲਿਜਾਦਿਅਾਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ (45) ਪੁੱਤਰ ਬੰਤ ਸਿੰਘ ਵਾਸੀ ਜ਼ਿਲਾ ਪਟਿਆਲਾ ਹਾਲ ਵਾਸੀ ਡੇਰਾਬੱਸੀ ਕਿਰਾਏਦਾਰ ਵਜੋਂ ਹੋਈ ਹੈ। ਉਹ ਟਰੱਕ ਡਰਾਈਵਰ ਸੀ। ਇਸ ਦੀ ਜਾਣਕਾਰੀ ਦਿੰਦਿਆਂ ਉਸ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਕਿ ਉਹ ਦੋਵੇਂ ਜਣੇ ਡੇਰਾਬੱਸੀ ਮੇਨ ਬਾਜ਼ਾਰ ਦੀ ਐਂਟਰੀ ’ਤੇ ਸਥਿਤ ਮੈਡੀਕਲ ਸਟੋਰ ’ਚ ਦਵਾਈ ਲੈਣ ਲਈ ਆਏ ਸਨ। ਅਚਾਨਕ ਛਾਤੀ ’ਚ ਦਰਦ ਹੋਇਆ ਤੇ ਉਹ ਉਥੇ ਡਿੱਗ ਪਿਆ। ਜਦੋਂ ਤਕ ਉਸ ਨੂੰ ਹਸਪਤਾਲ਼ ਪਹੁੰਚਾਇਆ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਪਹੁੰਚਾਉਣ ਲਈ 108 ਨੰਬਰ ਐਂਬੂਲੈਂਸ ਨੂੰ ਫੋਨ ਕੀਤਾ ਸੀ ਜੋ ਨਹੀਂ ਪਹੁੰਚੀ। ਇਸ ਤੋਂ ਬਾਅਦ ਸਰਕਾਰੀ ਹਸਪਤਾਲ ਡੇਰਾਬੱਸੀ ਦੀ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਜਸਵੀਰ ਦੇ ਮੌਤ ਦੇ ਅਸਲ ਕਾਰਣਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ।

Bharat Thapa

This news is Content Editor Bharat Thapa