ਅਧਿਆਪਕ ਖਿਲਾਫ ਸਕੂਲ ਅੱਗੇ ਧਰਨੇ ''ਤੇ ਬੈਠੇ ਵਿਦਿਆਰਥੀ

07/11/2019 8:12:17 PM

ਰੂੜੇਕੇ ਕਲਾਂ (ਮੁਖਤਿਆਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਬਾਹਰ ਕੱਢੇ ਵਿਦਿਆਰਥੀਆਂ ਨੇ ਧਰਨਾ ਲਾਇਆ। ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਦਾ ਇਕ ਡੈਪੂਟੇਸ਼ਨ 'ਤੇ ਆਇਆ ਅਧਿਆਪਕ ਉਨ੍ਹਾਂ ਨਾਲ ਨਿੱਜੀ ਰੰਜਿਸ਼ ਰੱਖਦਾ ਹੈ। ਉਕਤ ਅਧਿਆਪਕ ਪਹਿਲਾਂ ਵੀ ਉਨ੍ਹਾਂ ਨੂੰ ਫੇਲ ਕਰਨ ਦੀਆਂ ਧਮਕੀਆਂ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦਾ ਪੜ੍ਹਾਈ ਵਿਚ ਹੌਸਲਾ ਘਟਦਾ ਹੈ ਅਤੇ ਨੈਤਿਕ ਪੱਧਰ ਡਿੱਗਦਾ ਹੈ।

ਦਿਆਰਥੀਆਂ ਦਾ ਕਹਿਣਾ ਹੈ ਕਿ ਸਕੂਲ ਅੰਦਰ ਕੁਝ ਅਧਿਆਪਕਾਂ ਦੀ ਆਪਸੀ ਧੜੇਬੰਦੀ ਹੈ ਪਰ ਉਸ ਦਾ ਗੁੱਸਾ ਵਿਦਿਆਰਥੀਆਂ 'ਤੇ ਕੱਢਿਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਧਰਨੇ 'ਤੇ ਬੈਠਾ ਦੇਖ ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਅਧਿਆਪਕਾਂ ਤੋਂ ਗੇਟ ਖੁੱਲ੍ਹਵਾ ਕੇ ਸਕੂਲ ਅੰਦਰ ਬਿਠਾਇਆ। ਸਕੂਲ ਦੇ ਮਾੜੇ ਅਨੁਸ਼ਾਸਨ ਨੂੰ ਲੈ ਕੇ ਪਿੰਡ ਵਾਸੀ ਕਈ ਮਹੀਨਿਆਂ ਤੋਂ ਪ੍ਰੇਸ਼ਾਨ ਹਨ ਪਰ ਸਿੱਖਿਆ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਸਿੱਖਿਆ ਅਫਸਰ (ਸ) ਬਰਨਾਲਾ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਵਿਚ ਸਬੰਧਤ ਅਧਿਆਪਕ ਦਾ ਤਬਾਦਲਾ ਕੀਤਾ ਜਾਵੇ ਤਾਂ ਜੋ ਸਕੂਲ ਦਾ ਅਨੁਸ਼ਾਸਨ ਬਣਿਆ ਰਿਹਾ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਕੂਲ ਦਾ ਮਾਹੌਲ ਇਸੇ ਤਰ੍ਹਾਂ ਖਰਾਬ ਰਿਹਾ ਤਾਂ ਉਹ ਸੰਘਰਸ਼ ਵਿੱਢਣਗੇ।

ਕੀ ਕਹਿਣਾ ਹੈ ਸਕੂਲ ਮੁਖੀ ਦਾ
ਇਸ ਮਾਮਲੇ ਸਬੰਧੀ ਜਦੋਂ ਸਕੂਲ ਇੰਚਾਰਜ ਮੈਡਮ ਸੁਖਪਾਲ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀ ਜਮਾਤ ਵਿਚ ਅਧਿਆਪਕ ਦੇ ਹੁੰਦੇ ਹੋਏ ਵੀ ਚੀਕਾਂ ਮਾਰ ਰਹੇ ਸਨ ਅਤੇ ਜਦੋਂ ਉਹ ਅਧਿਆਪਕ ਦੇ ਸਮਝਾਉਣ 'ਤੇ ਵੀ ਨਾ ਰੁਕੇ ਤਾਂ ਅਸੀਂ ਉਨ੍ਹਾਂ ਨੂੰ ਮਾਪਿਆਂ ਨੂੰ ਨਾਲ ਲੈ ਕੇ ਆਉਣ ਲਈ ਕਿਹਾ ਸੀ ਪਰ ਉਹ ਮਾਪਿਆਂ ਨੂੰ ਲੈ ਕੇ ਆਉਣ ਦੀ ਬਜਾਏ ਗੇਟ ਅੱਗੇ ਬੈਠ ਗਏ।

Karan Kumar

This news is Content Editor Karan Kumar