ਧਾਰਮਕ ਮੰਤਰਾਂ ਦੀ ਤੋਡ਼-ਮਰੋਡ਼ ਕਰਨ ਵਾਲੇ ਵਿਦਿਆਰਥੀਅਾਂ ਤੇ ਪ੍ਰੋਫੈਸਰਾਂ ਦਾ ਪੁਤਲਾ ਫੂਕਿਆ

11/15/2018 3:49:58 AM

ਤਲਵੰਡੀ ਸਾਬੋ, (ਮੁਨੀਸ਼)- ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਵਿਖੇ ਧਰਮਾਂ ਖਿਲਾਫ ਬੋਲਣ ਤੇ ਧਾਰਮਕ ਮੰਤਰਾਂ ਦੀ ਤੋਡ਼-ਮਰੋਡ਼ ਕਰਨ ਵਾਲੇ ਵਿਦਿਆਰਥੀਅਾਂ ਅਤੇ ਪ੍ਰੋਫੈਸਰਾਂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਕਾਲਜ ਦੇ ਇਕ ਵਿਦਿਆਰਥੀ ਨੇ ਹਿੰਦੂ ਧਰਮ ਦੀ ਆਰਤੀ ’ਚ ਕਾਲਜ ਦੇ ਦੋ ਪ੍ਰੋਫੈਸਰਾਂ ਅਤੇ ਇਕ ਵਿਦਿਆਰਥੀ ਦਾ ਨਾਂ ਸ਼ਾਮਲ ਕਰ ਕੇ ਆਪਣਾ ਵਟਸਐਪ ਸਟੇਟਸ ਪਾ ਦਿੱਤਾ, ਜਿਸ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਅਤੇ ਹਿੰਦੂ ਵਿਦਿਆਰਥੀਆਂ ’ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਕਾਲਜ ਵਿਖੇ ਵਿਦਿਆਰਥੀ ਆਗੂ ਤਰਸੇਮ ਸ਼ਰਮਾ ਦੀ ਅਗਵਾਈ ’ਚ ਪੁਤਲਾ ਫੂਕਿਆ ਗਿਆ। ਤਰਸੇਮ ਸ਼ਰਮਾ ਦਾ ਕਹਿਣਾ ਸੀ ਕਿ ਸਾਨੂੰ ਆਪਣੇ ਦੇਸ਼ ’ਚ ਕਿਸੇ ਵੀ ਧਰਮ ਨੂੰ ਮੰਨਣ ਦੀ ਪੂਰੀ ਅਾਜ਼ਾਦੀ ਹੈ ਪਰ ਇਹ ਕਿਸੇ ਵੀ ਵਿਅਕਤੀ ਨੂੰ ਹੱਕ ਨਹੀਂ ਕਿ ਉਹ ਕਿਸੇ ਵੀ ਧਰਮ ਦਾ ਨਿਰਾਦਰ ਕਰੇ। ਉਨ੍ਹਾਂ ਦੱਸਿਆ ਕਿ ਕਾਲਜ ਦੇ ਇਕ ਵਿਦਿਆਰਥੀ ਨੇ ਹਿੰਦੂ ਧਰਮ ਦੀ ਆਰਤੀ ’ਚ ਪ੍ਰਮਾਤਮਾ ਅਤੇ ਦੇਵੀ ਦੇਵਤਿਆਂ ਦਾ ਨਾਂ ਕੱਟ ਕੇ ਪ੍ਰੋਫੈਸਰਾਂ ਦੇ ਨਾਂ ਸ਼ਾਮਲ ਕਰ ਦਿੱਤੇ। ਵਿਦਿਆਰਥੀਆਂ ਵੱਲੋਂ ਕਾਲਜ ਦੀ ਅਨੁਸ਼ਾਸਨ ਕਮੇਟੀ ਨੂੰ ਮੰਗ ਕੀਤੀ ਕਿ ਇਸ ਘਟੀਆ ਹਰਕਤ ’ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਵੀਰ ਸਿੰਘ ਕੁੰਡਲ, ਗੁਰਜੀਵਨ ਸਿੰਘ, ਅਰਵਿੰਦ ਸਿੰਘ ਅਤੇ ਕਸਿਸ ਕੁਮਾਰ ਸ਼ਾਮਿਲ ਰਹੇ।
 ਕੀ ਕਹਿੰਦੇ ਹਨ ਕਾਲਜ ਪ੍ਰਿੰਸੀਪਲ
 ਜਦੋਂ ਮਾਮਲੇ ਸਬੰਧੀ ਕਾਲਜ ਦੇ ਪ੍ਰਿੰਸੀਪਲ ਐੱਮ.ਪੀ. ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਪੁੱਜੀ ਸੀ, ਜਿਸ ਲਈ ਉਨ੍ਹਾਂ ਮਾਮਲਾ ਅਨੁਸ਼ਾਸਨਿਕ ਕਮੇਟੀ ਨੂੰ ਜਾਂਚ ਲਈ ਦਿੱਤਾ ਹੈ। ਨਾਲ ਹੀ ਉਨ੍ਹਾਂ ਇਸ ਤਰ੍ਹਾਂ ਕਿਸੇ ਧਰਮ ਦੀ ਆਰਤੀ ਨਾਲ ਛੇਡ਼ਛਾਡ਼ ਕਰਨ ਨੂੰ ਗਲਤ ਕਰਾਰ ਵੀ ਦਿੱਤਾ।