ਦਿਉਣ ਦੇ ਸਕੂਲ ’ਚ ਸੀ-ਟੈੱਟ ਦੀ ਪ੍ਰੀਖਿਆ ਦੇਣ ਗਏ ਵਿਦਿਆਰਥੀਆਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ

12/10/2018 3:04:55 AM

ਸ੍ਰੀ ਮੁਕਤਸਰ ਸਾਹਿਬ,(ਪਵਨ, ਖੁਰਾਣਾ)- ਬਾਬਾ ਫਰੀਦ ਐੱਸ. ਆਰ. ਸਕੂਲ ਦਿਉਣ ਵਿਖੇ ਜਿਨ੍ਹਾਂ ਵਿਦਿਆਰਥੀਆਂ ਦਾ ਸੀ-ਟੈੱਟ ਦਾ ਦੂਸਰਾ ਪੇਪਰ ਅੱਜ ਐਤਵਾਰ ਨੂੰ ਸੀ, ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਸਟਾਫ ਵੱਲੋਂ ਕਰੀਬ 90 ਮਿੰਟ ਪਹਿਲਾਂ ਹੀ ਬੁਲਾ ਲਿਆ ਗਿਆ ਪਰ ਪ੍ਰੀਖਿਆ 9:30 ਵਜੇ ਸ਼ੁਰੂ ਹੋਣਾ ਸੀ। ਠੰਡ ਵਿਚ ਠਰਦੇ ਵਿਦਿਆਰਥੀ ਮੇਨ ਗੇਟ ਦੇ ਬਾਹਰ 1 ਘੰਟੇ ਤੋਂ ਵੱਧ ਸਮੇਂ ਤੱਕ ਖਡ਼੍ਹੇ ਰਹੇ ਪਰ ਸਕੂਲ ਪ੍ਰਬੰਧਕਾਂ ਵੱਲੋਂ ਗੇਟ ਦੇ ਬਾਹਰ ਨਾ ਵਿਦਿਆਰਥੀਆਂ ਦੇ ਰੋਲ ਨੰਬਰਾਂ ਵਾਲੀ ਲਿਸਟ ਲਾਈ ਗਈ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਦਿੱਤੀ ਗਈ।  ਇਸ ਪ੍ਰੀਖਿਆ ਵਿਚ ਕੁਲ 480 ਵਿਦਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ। ਬੱਚੇ ਅਤੇ ਉਨ੍ਹਾਂ ਦੇ ਮਾਪੇ 8:00 ਵਜੇ ਹੀ ਉੱਥੇ ਪਹੁੰਚ ਗਏ ਪਰ ਸਕਿਓਰਿਟੀ ਗਾਰਡਾਂ ਨੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਅਤੇ ਨਾ ਹੀ ਕਾਲਜ ਦਾ ਕੋਈ ਮੁਲਾਜ਼ਮ ਬਾਹਰ ਆਇਆ। ਅਖੀਰ ਵਿਚ 9 ਵੱਜ ਕੇ 8 ਮਿੰਟ ’ਤੇ ਕਾਲਜ ਦਾ ਇਕ ਮੁਲਾਜ਼ਮ ਅਜੇ ਕੁਮਾਰ ਆਇਆ ਅਤੇ ਕਾਗਜ਼ ਚੈੱਕ ਕਰ ਕੇ ਵਿਦਿਆਰਥੀਆਂ ਨੂੰ ਅੰਦਰ ਭੇਜਣ ਲੱਗਾ। ਇੰਨੇ ’ਚ ਹੀ 9:30 ਵੱਜ ਗਏ ਤਾਂ ਹੋਰ ਵਿਦਿਆਰਥੀਆਂ ਨੂੰ ਬਿਨਾਂ ਕਾਗਜ਼ਾਤ ਚੈੱਕ ਕੀਤੇ ਹੀ ਅੰਦਰ ਭੇਜ ਦਿੱਤਾ ਗਿਆ। ਵਿਦਿਆਰਥੀਆਂ ਨੇ ਗੇਟ ਤੋਂ ਅੱਧਾ ਕਿਲੋਮੀਟਰ ਤੱਕ ਪੈਦਲ ਪ੍ਰੀਖਿਆ ਹਾਲ ਵਿਚ ਪਹੁੰਚਣਾ ਸੀ। ਉੱਥੇ ਜਾਣ ਤੋਂ ਬਾਅਦ ਪ੍ਰੀਖਿਆ ਕਰੀਬ 25 ਮਿੰਟ ਦੇਰੀ ਨਾਲ ਸ਼ੁਰੂ ਹੋਈ, ਜਿਸ ਕਾਰਨ ਵਿਦਿਆਰਥੀਅਾਂ ਨੇ ਇਸ ਦਾ ਵਿਰੋਧ ਕੀਤਾ। ਵਿਦਿਆਰਥੀਆਂ ਦੇ ਵਿਰੋਧ ਕਰਨ ਬਾਅਦ ਉਨ੍ਹਾਂ ਨੂੰ 25 ਮਿੰਟ ਅਲੱਗ ਤੋਂ ਪ੍ਰੀਖਿਆ ਲਈ ਦੇ ਦਿੱਤੇ ਗਏ ਪਰ ਸਵੇਰ ਤੋਂ ਲੈ ਕੇ ਪ੍ਰੀਖਿਆ ਖਤਮ ਹੋਣ ਤੱਕ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੱਖਰੇ ਤੌਰ ’ਤੇ ਪ੍ਰੇਸ਼ਾਨੀ ਝੱਲਣੀ ਪਈ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਜਿਹਾ ਹੋਣ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣਾ ਪਿਆ। ਇਸ ਸਮੇਂ ਰਾਮਪੁਰਾ ਫੂਲ ਤੋਂ ਆਏ ਹਰਦੀਪ ਸਿੰਘ, ਤਲਵੰਡੀ ਸਾਬੋ ਤੋਂ ਗੁਰਸ਼ਰਨ ਸਿੰਘ, ਮੁਕਤਸਰ ਵਾਸੀ ਪਵਨ ਕੁਮਾਰ, ਫਿਰੋਜ਼ਪੁਰ ਵਾਸੀ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਸਭ ਕੁਝ ਸਕੂਲ ਪ੍ਰਬੰਧਕਾਂ ਕਾਰਨ ਹੋਇਆ ਹੈ, ਜਿਨ੍ਹਾਂ ਵਿਰੁੱਧ ਸਖ਼ਤ ਐਕਸ਼ਨ ਲੈਣ ਦੀ ਜ਼ਰੂਰਤ ਹੈ। ਉੱਧਰ, ਸੁਪਰਡੈਂਟ ਅਸ਼ਵਨੀ ਗੋਇਲ ਨੇ ਮੰਨਿਆ ਕਿ ਵਿਦਿਆਰਥੀਅਾਂ ਨੂੰ ਪ੍ਰੇਸ਼ਾਨੀ ਹੋਈ ਹੈ। ਸਮਾਂ ਵੀ ਉਨ੍ਹਾਂ ਦਾ ਖਰਾਬ ਹੋਇਆ ਹੈ। ਨਾਲ ਹੀ ੳੁਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਬੱਚਿਆਂ ਨੂੰ ਅਲੱਗ ਤੋਂ ਸਮਾਂ ਦੇ ਦਿੱਤਾ ਗਿਆ ਸੀ ਹੈ। ਅੱਗੇ ਤੋਂ ਅਜਿਹੀ ਪ੍ਰੇਸ਼ਾਨੀ ਨਾ ਹੋਵੇ, ਇਸ ਦੇ ਲਈ ਉਹ ਧਿਆਨ ਰੱਖਣਗੇ। 

KamalJeet Singh

This news is Content Editor KamalJeet Singh