ਵਿਦਿਆਰਥੀਆਂ ਤੋਂ ਵੱਧ ਫੀਸਾਂ ਵਸੂਲਣ ਤੇ ਨਸ਼ਿਆਂ ਦੇ ਖਿਲਾਫ ਬਸਪਾ ਨੇ ਕੱਢਿਆ ਜਾਗਰੂਕਤਾ ਮਾਰਚ

07/16/2018 11:50:18 AM

ਬੁਢਲਾਡਾ (ਮਨਚੰਦਾ)—ਬਹੁਜਨ ਸਮਾਜ ਪਾਰਟੀ ਵਲੋਂ ਐੱਸ.ਸੀ.ਐੱਸ. ਟੀ. ਵਿਦਿਆਰਥੀਆਂ ਦੀਆਂ ਫੀਸਾਂ 'ਚ ਕੀਤੇ ਵਾਧੇ ਅਤੇ ਨਸ਼ਿਆਂ ਦੇ ਆਏ ਹੜ੍ਹ ਨੂੰ ਰੋਕਣ ਲਈ ਮੋਟਰਸਾਈਕਲ ਜਾਗਰੂਕਤਾ ਮਾਰਚ ਕੱਢਿਆ ਗਿਆ। 
ਇਸ ਮਾਰਚ ਨੂੰ ਬਸਪਾ ਦੇ ਜ਼ਿਲਾ ਪ੍ਰਧਾਨ ਹਰਦੇਵ ਸਿੰਘ ਕੁਲਾਣਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਬੰਧੀ ਦੱਸਦਿਆਂ ਜ਼ਿਲਾ ਇੰਚਾਰਜ ਸ਼ੇਰ ਸਿੰਘ ਸ਼ੇਰ ਨੇ ਕਿਹਾ ਕਿ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਤੋਂ ਕਾਲਜਾਂ ਅਤੇ ਤਕਨੀਕੀ ਸਿੱਖਿਆ ਕੇਂਦਰਾਂ ਵੱਲੋਂ ਪੂਰੀਆਂ ਫੀਸਾਂ ਵਸੂਲਣ ਦੇ ਅਤੇ ਅੱਜ ਨਸ਼ਿਆਂ ਦੇ ਵਗ ਰਹੇ ਹੜ੍ਹ ਨੂੰ ਰੋਕਣ ਅਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜਾਂ ਅਤੇ ਤਕਨੀਕੀ ਸਿੱਖਿਆ ਕੇਂਦਰਾਂ ਵੱਲੋਂ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਤੋਂ ਦਾਖਲੇ ਸਮੇਂ ਫੀਸਾਂ ਮੁਆਫ ਹੋਣ ਦੇ ਬਾਵਜੂਦ ਵੀ ਸਰਕਾਰ ਵਲੋਂ ਬਿਨਾਂ ਕਿਸੇ ਨੋਟੀਫਿਕੇਸ਼ਨ ਤੋਂ ਵੱਧ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਸਮੇਂ-ਸਮੇਂ ਉੱਪਰ ਦਲਿਤ ਵਰਗ ਨਾਲ ਧੱਕੇਸ਼ਾਹੀ ਕਰਕੇ ਉਨ੍ਹਾਂ ਦੇ ਨਿੱਜੀ ਹਿੱਤਾਂ ਉੱਪਰ ਡਾਕੇ ਮਾਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਕੀਮ ਦੀ ਬਕਾਇਆ ਰਾਸ਼ੀ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ।
ਇਸ ਮੌਕੇ ਹਲਕਾ ਪ੍ਰਧਾਨ ਮੱਖਣ ਸਿੰਘ ਬਹਾਦਰ ਸਿੰਘ, ਜਗਦੀਸ਼ ਰਾਏ ਬਰੇਟਾ, ਜਲਵਿੰਦਰ ਸਿੰਘ ਕੁੱਕੂ ਸਿੰਘ ਠੇਕੇਦਾਰ, ਨੇਕ ਸਿੰਘ ਆਦਿ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।