ਬਿਜਲੀ ਦਾ ਕਰੰਟ ਲਗਣ ਕਾਰਨ ਵਿਦਿਆਰਥਣ ਦੀ ਮੌਤ

07/22/2019 10:56:58 PM

ਬਠਿੰਡਾ (ਵਰਮਾ)— ਗੋਪਾਲ ਨਗਰ 'ਚ ਰਹਿਣ ਵਾਲੀ 20 ਸਾਲਾ ਲੜਕੀ ਦੀ ਕਰੰਟ ਲਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾ ਜਦੋਂ ਘਰ ਦਾ ਕੰਮ ਕਰ ਰਹੀ ਸੀ ਤਾਂ ਬਰਸਾਤ ਕਾਰਨ ਘਰ 'ਚ ਲਗੇ ਕੂਲਰ 'ਚ ਕਰੰਟ ਆ ਗਿਆ ਤੇ ਉਹ ਕੂਲਰ ਦੇ ਨਾਲ ਚਿਪਕ ਗਈ। ਜਿਸ ਨੂੰ ਪਰਿਵਾਰ ਵਲੋਂ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕਾ ਦੀ ਪਛਾਣ ਪਲਕ ਜੋ ਕਿ ਬੀ. ਏ. ਫਾਇਨਲ ਦੀ ਵਿਦਿਆਰਥਣ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਤੇ ਇਲਾਜ 'ਚ 2 ਲੱਖ ਰੁਪਏ ਖਰਚ ਕਰ ਦਿੱਤੇ ਪਰ ਫਿਰ ਵੀ ਉਹ ਆਪਣੀ ਲੜਕੀ ਦੀ ਜਾਨ ਨਹੀਂ ਬਚਾ ਸਕਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿਥੇ ਬਾਅਦ 'ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਵਾਉਣ ਲਈ ਐੱਸ. ਡੀ. ਐੱਮ. ਬਠਿੰਡਾ ਨੂੰ ਮੰਗ ਪੱਤਰ ਵੀ ਦਿੱਤਾ ਜਦਕਿ ਲਾਸ਼ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ। ਸੋਮਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

KamalJeet Singh

This news is Content Editor KamalJeet Singh