ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਦੀ ਮੌਤ

02/10/2020 9:00:52 PM

ਘੱਗਾ, (ਸਨੇਹੀ)— ਧੁੰਦ ਕਾਰਣ ਹੋਏ ਭਿਆਨਕ ਸੜਕ ਹਾਦਸੇ 'ਚ ਘੱਗਾ ਵਾਸੀ 24 ਸਾਲਾ ਡਾਕਟਰ ਦੀ ਮੌਤ ਹੋ ਗਈ। ਸਮੁੱਚੇ ਕਸਬੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਘੱਗਾ ਵਾਸੀ ਰੋਹਿਤ ਕੁਮਾਰ ਗਰਗ ਪੁੱਤਰ ਵਿਜੇ ਕੁਮਾਰ ਸਵੇਰੇ 7.45 ਮਿੰਟ 'ਤੇ ਜਦੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਡਿਊਟੀ 'ਤੇ ਜਾਣ ਲਈ ਆਪਣੀ ਕਾਰ 'ਚ ਚੱਲਿਆ ਤਾਂ ਪਟਿਆਲਾ-ਪਾਤੜਾਂ ਰੋਡ 'ਤੇ ਪਿੰਡ ਰੇਤਗੜ੍ਹ ਨਜ਼ਦੀਕ ਉਸ ਦੀ ਕਾਰ ਨੂੰ ਅੱਗੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ। ਸੰਘਣੀ ਧੁੰਦ ਕਾਰਣ ਸਮਾਣਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਬੱਸ ਨੂੰ ਜ਼ਬਰਦਸਤ ਟੱਕਰ ਦਿੱਤੀ। ਹਾਦਸੇ 'ਚ ਡਾਕਟਰ ਰੋਹਿਤ ਕੁਮਾਰ ਗਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ 'ਚ ਬੱਸ ਸਵਾਰ ਸ਼ਕੁੰਤਲਾ ਦੇਵੀ ਅਤੇ ਉਸ ਦੀ ਨੂੰਹ ਸੁਨੀਤਾ ਰਾਣੀ ਉਮਰ ਲਗਭਗ 32-33 ਸਾਲ ਪਤਨੀ ਲਖਮੀ ਚੰਦ ਇਸ ਭਿਆਨਕ ਹਾਦਸੇ ਦੌਰਾਨ ਬੱਸ ਵਿਚੋਂ ਉਛਲ ਕੇ ਬਾਹਰ ਖੇਤਾਂ 'ਚ ਜਾ ਡਿੱਗੀਆਂ ਅਤੇ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ ਬੱਸ ਡਰਾਈਵਰ ਬੱਸ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਡਾਕਟਰ ਰੋਹਿਤ ਕੁਮਾਰ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਹਾਲ ਹੀ 'ਚ ਘੱਗਾ ਵਾਸੀ ਮੈਡੀਕਲ ਵਿਦਿਆਰਥੀ ਵਿਨੀਤ ਕੁਮਾਰ ਜੈਨ ਦੀ ਜਲੰਧਰ ਵਿਖੇ ਹੋਏ ਜ਼ਬਰਦਸਤ ਸੜਕੀ ਹਾਦਸੇ 'ਚ ਮੌਤ ਹੋ ਗਈ ਸੀ। ਇਨ੍ਹਾਂ ਹਾਦਸਿਆਂ ਨੇ ਘੱਗਾ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਪੁਲਸ ਨੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News