ਅਧਿਆਪਕਾਂ ਤੇ ਪੁਲਸ ਵਿਚਕਾਰ ਹੋਈ ਜੰਮ ਕੇ ਧੱਕਾ-ਮੁੱਕੀ

11/07/2018 3:32:23 AM

ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ਨਾਲ ਸਬੰਧਤ 13 ਅਧਿਆਪਕਾਂ ਦੀਆਂ ਜਬਰੀ ਦੂਰ-ਦੁਰਾਡੇ ਕੀਤੀਆਂ ਬਦਲੀਆਂ ਲਈ ਇਨਸਾਫ ਮੰਗ ਰਹੇ ਅਧਿਆਪਕਾਂ ਅਤੇ ਪੁਲਸ ਵਿਚ ਜੰਮ ਕੇ ਧੱਕਾ-ਮੁੱਕੀ ਹੋਈ ਜਦੋਂਕਿ ਪੁਲਸ ਦਾ ਕਹਿਣਾ ਹੈ ਕਿ ਇਹ ਅਧਿਆਪਕ ਲੋਕਾਂ ਦੀ ਸੁਰੱਖਿਆ ਲਈ ਲਾਏ ਬੈਰੀਕੇਡ ਤੋਡ਼ ਕੇ ਅੱਗੇ ਵਧ ਰਹੇ ਸਨ, ਜਿਸ ਤੋਂ ਉਨ੍ਹਾਂ ਨੂੰ ਰੋਕਿਆ ਗਿਆ ਸੀ। ਬਾਅਦ ਵਿਚ 12 ਪਿੰਡਾਂ ਦੀਆਂ ਸੰਘਰਸ਼ ਕਮੇਟੀਆਂ ਵੱਲੋਂ ਮਜ਼ਦੂਰ, ਕਿਸਾਨ, ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਅਾਂ ਐਲਾਨ ਕੀਤਾ ਕਿ ਜੇਕਰ ਦੀਵਾਲੀ ਦੀਅਾਂ ਛੁੱਟੀਅਾਂ ਦੌਰਾਨ ਇਨ੍ਹਾਂ ਬਦਲੀਆਂ ਨੂੰ ਰੱਦ ਨਾ ਕੀਤਾ ਤਾਂ 12 ਨਵੰਬਰ ਤੋਂ ਬਦਲੀਆਂ ਨਾਲ ਪ੍ਰਭਾਵਿਤ 12 ਸਕੂਲਾਂ ਨੂੰ ਅਣਮਿੱਥੇ ਸਮੇਂ ਲਈ ਤਾਲੇ ਲਾਏ ਜਾਣਗੇ। ਮੇਨ ਸਡ਼ਕਾਂ 'ਤੇ ਜਾਮ ਲਾਏ ਜਾਣਗੇ ਅਤੇ ਸਿੱਖਿਆ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਸਾਂਝਾ ਅਧਿਆਪਕ ਮੋਰਚਾ ਵੱਲੋਂ ਜ਼ਿਲੇ ਭਰ ਦੇ ਸਕੂਲਾਂ ਅੱਗੇ ਗੇਟ ਰੈਲੀਅਾਂ ਕਰ ਕੇ ਭਵਿੱਖ 'ਚ ਹੋਰ ਤਿੱਖੇ ਐਕਸ਼ਨ ਕੀਤੇ ਜਾਣਗੇ।
ਇਹ ਸਨ ਹਾਜ਼ਰ
ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਬੱਲਾ ਸਿੰਘ ਰੱਲਾ, ਮੁਲਾਜ਼ਮ ਆਗੂ ਮੱਖਣ ਉਡਤ, ਜਮਹੂਰੀ ਕਿਸਾਨ ਸਭਾ ਦੇ ਆਗੂ ਛੱਜੂ ਰਾਮ ਰਿਸ਼ੀ, ਅਧਿਆਪਕ ਆਗੂ ਸਿਕੰਦਰ ਸਿੰਘ ਧਾਲੀਵਾਲ, ਨਰਿੰਦਰ ਸਿੰਘ ਮਾਖਾ, ਲੱਖਾ ਸਹਾਰਨਾ ਪੈਨਸ਼ਨਰ ਯੂਨੀਅਨ, ਆਇਸਾ ਆਗੂ ਪ੍ਰਦੀਪ ਗੁਰੂ, ਰਣਜੀਤ ਸਿੰਘ ਸਰਪੰਚ ਤਾਮਕੋਟ, ਗੁਰਦੇਵ ਕੋਟਧਰਮੂ ਹਾਜ਼ਰ ਸਨ।
ਪੰਜਾਬ ਭਰ ’ਚ ਵਿਦਿਅਕ ਮਾਹੌਲ ਹੋਇਆ ਤਹਿਸ-ਨਹਿਸ : ਭਾਕਿਯੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਇੰਦਰਜੀਤ ਝੱਬਰ, ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੂਬਾਈ ਸਕੱਤਰ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਸਕੱਤਰ ਕਾ. ਭਗਵੰਤ ਸਮਾਓ, ਐੱਸ. ਐੱਸ. ਏ./ ਰਮਸਾ ਦੇ ਸੂਬਾ ਕਨਵੀਨਰ ਹਰਦੀਪ ਟੋਡਰਪੁਰ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਦੀਆਂ ਦਰਜਨਾਂ ਬਦਲੀਆਂ ਕਾਰਨ ਪੰਜਾਬ ਭਰ ’ਚ ਵਿਦਿਅਕ ਮਾਹੌਲ ਨੂੰ ਤਹਿਸ-ਨਹਿਸ ਕਰ ਦਿੱਤਾ ਪਰ ਪੰਜਾਬ ਸਰਕਾਰ ਚੁੱਪ-ਚਾਪ ਤਮਾਸ਼ਾ ਦੇਖ ਰਹੀ ਹੈ। ਅਾਜ਼ਾਦੀ ਦੇ 70 ਸਾਲਾਂ ਬਾਅਦ ਵੀ ਰਾਜ ਦੇ ਸਰਕਾਰੀ ਸਕੂਲ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। 
ਸਰਕਾਰ ਜਾਣ-ਬੁੱਝ ਕੇ ਇਨ੍ਹਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਅਾਂ ਮਾਡ਼ੀਅਾਂ ਨੀਤੀਅਾਂ ਕਾਰਨ ਅੱਜ ਪੰਜਾਬ ਦਾ ਕਿਸਾਨ, ਮਜ਼ਦੂਰ, ਮੁਲਾਜ਼ਮ ਵਰਗ ਸਡ਼ਕਾਂ ’ਤੇ ਰੁਲ ਰਿਹਾ ਹੈ।