ਪੰਜਾਬ ਦੇ ਕਿਸਾਨਾਂ ਦੀ ਕੇਂਦਰ ਨੂੰ ਸਖ਼ਤ ਚਿਤਾਵਨੀ

09/25/2020 11:39:33 AM

ਸਮਰਾਲਾ, (ਸੰਜੇ ਗਰਗ)-ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਸੂਬੇ ਦੀਆਂ 31 ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਸਵੇਰ ਤੋਂ ਹੀ ਵੱਡੇ ਪੱਧਰ 'ਤੇ ਅਸਰ ਵਿਖਾਈ ਦਿੱਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਵੱਲੋਂ ਅੱਜ ਦੇ ਬੰਦ ਦੇ ਦਿੱਤੇ ਗਏ ਸੱਦੇ ਨੂੰ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਸਮੇਤ ਵਪਾਰੀਆਂ, ਆੜਤੀਆਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਵੱਲੋਂ ਮਿਲੇ ਵੱਡੇ ਹੁੰਗਾਰੇ ਨੂੰ ਕਿਸਾਨ ਸੰਘਰਸ਼ ਦੀ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਤੋਂ ਪੰਜਾਬ ਭਰ 'ਚ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਰਾਜੇਵਾਲ ਨੇ ਦੱਸਿਆ ਕਿ ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ, ਅਮਿਤਸਰ, ਜੰਲਧਰ, ਹੁਸ਼ਿਆਰਪੁਰ, ਰੋਪੜ, ਸੰਗਰੂਰ ਅਤੇ ਬਠਿੰਡਾ ਸਮੇਤ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਸਵੇਰ ਤੋਂ ਹੀ ਸੜ੍ਹਕਾਂ ਰੋਕ ਕੇ ਪ੍ਰਦਸ਼ਨ ਸ਼ੁਰੂ ਕੀਤੇ ਜਾਣ ਦੀਆਂ ਸੂਚਨਾਵਾਂ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਹਨ। ਇਸ ਦੌਰਾਨ ਉਨ੍ਹਾਂ ਅੱਜ ਦੇ ਪੰਜਾਬ ਬੰਦ ਮਗਰੋਂ ਕਿਸਾਨ ਸੰਘਰਸ਼ ਨੂੰ ਹੋਰ ਵੱਡੇ ਪੱਧਰ 'ਤੇ ਤੇਜ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਦੇ ਪੰਜਾਬ ਬੰਦ ਦੌਰਾਨ ਸੂਬੇ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਸਿੱਧੇ ਰੂਪ ਵਿੱਚ ਚਿਤਾਵਨੀ ਦਿੱਤੀ ਹੈ, ਕਿ ਉਹ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ। 

PunjabKesari
ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਪੁੱਜੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ, ਪਰਮਿੰਦਰ ਸਿੰਘ ਪਾਲਮਾਜਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਬਲਬੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੀ ਲੜਾਈ 'ਚ ਸੜ੍ਹਕਾਂ 'ਤੇ ਆ ਗਿਆ ਹੈ। ਕੇਂਦਰ ਨੂੰ ਅੱਜ ਦੇ ਕਿਸਾਨ ਰੋਹ ਤੋਂ ਸਬਕ ਲੈਂਦੇ ਹੋਏ ਬਿਨਾਂ ਦੇਰੀ ਖੇਤੀ ਆਰਡੀਨੈਂਸ ਵਾਪਸ ਲੈਣ ਦਾ ਫੈਸਲਾ ਲੈਣਾ ਚਾਹੀਦਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨ ਗੁੱਸੇ ਦੇ ਭਰੇ ਪੀਤੇ ਪਏ ਹਨ ਅਤੇ ਜੇਕਰ ਕਿਸਾਨਾਂ ਦੀ ਆਵਾਜ ਨਾ ਸੁਣੀ ਗਈ ਤਾਂ ਇਹ ਕਿਸਾਨ ਅੰਦੋਲਨ ਆਪੇ ਤੋਂ ਬਾਹਰ ਹੋ ਜਾਵੇਗਾ।

PunjabKesari
ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਲੱਖਾਂ ਹੀ ਕਿਸਾਨਾਂ ਨੇ ਸੂਬੇ ਭਰ ਵਿੱਚ ਸੜ੍ਹਕਾਂ 'ਤੇ ਆਵਾਜਾਈ ਨੂੰ ਠੱਪ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਸ਼ਨ ਕੀਤਾ। ਇਸ ਦੌਰਾਨ ਭੜਕੇ ਹੋਏ ਕਿਸਾਨਾਂ ਵੱਲੋਂ ਪੰਜਾਬ ਵਿੱਚੋਂ ਗੁਜ਼ਰਦੇ ਸਾਰੇ ਹੀ ਰਾਸ਼ਟਰੀ ਮਾਰਗਾਂ ਸਮੇਤ ਰਾਜ ਦੇ ਸਾਰੇ ਹਾਈਵੇ ਮੁਕੰਮਲ ਤੌਰ 'ਤੇ ਜਾਮ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ਼ ਆਰ-ਪਾਰ ਦੀ ਲੜਾਈ ਦੀ ਚਿਤਾਵਨੀ ਦਿੰਦੇ ਹੋਏ ਅਗਲੇ ਪੜਾਅ ਵਿੱਚ ਦਿੱਲੀ ਤੱਕ ਦੀਆਂ ਸੜ੍ਹਕਾਂ ਨੂੰ ਘੇਰਨ ਦਾ ਐਲਾਨ ਕੀਤਾ ਹੈ।
ਹਾਲਾਕਿ ਕਿਸਾਨਾਂ ਵੱਲੋਂ ਸੜ੍ਹਕੀ ਆਵਾਜਾਈ ਤੋਂ ਇਲਾਵਾ ਰੇਲਾਂ ਰੋਕਣ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਪੰਜਾਬ ਵਿੱਚ ਅੱਜ ਦੇ ਕਿਸਾਨ ਅੰਦੋਲਨ ਨੂੰ ਵੇਖਦੇ ਹੋਏ ਰੇਲਵੇ ਵੱਲੋਂ ਪਹਿਲਾ ਸੀ ਸੂਬੇ ਵਿੱਚੋਂ ਗੁਜਰਦੀਆਂ ਸਾਰੀਆਂ ਟ੍ਰੇਨਾਂ ਦੇ ਜਾ ਤਾਂ ਰੂਟ ਬਦਲ ਦਿੱਤੇ ਗਏ ਜਾਂ ਫਿਰ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਬਾਵਜੂਦ ਇਸ ਦੇ ਸੂਬੇ ਦੇ ਕਈ ਥਾਵਾਂ 'ਤੇ ਭੜਕੇ ਹੋਏ ਕਿਸਾਨ ਖਾਲੀ ਰੇਲਵੇ ਟਰੈਕਾਂ 'ਤੇ ਰੋਸ ਵਜੋਂ ਧਰਨੇ 'ਤੇ ਬੈਠ ਗਏ।

PunjabKesari
ਕਿਸਾਨਾਂ ਨੂੰ ਸ਼ਾਤਮਈ ਢੰਗ ਨਾਲ ਰੋਸ ਪ੍ਰਗਟ ਕਰਨ ਦੀ ਅਪੀਲ
ਇਸ ਦੌਰਾਨ ਕਿਸਾਨ ਆਗੂਆਂ ਨੇ ਸੂਬੇ ਵਿੱਚ ਥਾਂ-ਥਾਂ ਪ੍ਰਦਸ਼ਨ ਕਰ ਰਹੇ ਕਿਸਾਨਾਂ ਨੂੰ ਪੂਰਾ ਦਿਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆ ਕਿਹਾ ਕਿ ਕੋਈ ਵੀ ਕਿਸਾਨ ਕਿਸੇ ਤਰ੍ਹਾਂ ਦੀ ਹਿੰਸਕ ਅਤੇ ਉਤੇਜਨਾ ਭਰੀ ਕਾਰਵਾਈ ਨਾ ਕਰੇ। ਕਿਸਾਨ ਆਗੂਆਂ ਨੇ ਅੱਜ ਦੇ ਪੂਰੇ ਦਿਨ ਦੇ ਬੰਦ ਦੌਰਾਨ ਧਰਨਾ ਪ੍ਰਦਸ਼ਨ ਕਰ ਰਹੇ ਸਾਰੇ ਕਿਸਾਨਾਂ ਨੂੰ ਇਹ ਵੀ ਹਦਾਇਤ ਜਾਰੀ ਕੀਤੀ ਹੈ, ਕਿ ਸੂਬੇ ਵਿੱਚ ਕਿਧਰੇ ਵੀ ਅੰਦੋਲਨ ਕਰ ਰਹੇ ਕਿਸਾਨ ਮਰੀਜ਼ਾਂ ਨੂੰ ਲਿਜਾਣ ਵਾਲੇ ਵਾਹਨਾਂ ਅਤੇ ਐਂਬੂਲੈਂਸਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰਨ। 

PunjabKesari
ਅਕਾਲੀ ਦਲ ਖਾਲੀ ਸੜ੍ਹਕਾਂ 'ਤੇ ਕਿਵੇ ਚੱਕਾ ਜਾਮ ਕਰੇਗਾ: ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣਾ ਸਿਆਸੀ ਡਰਾਮਾ ਬੰਦ ਕਰਦੇ ਹੋਏ ਵੱਖਰੇ ਤੋਰ 'ਤੇ 11 ਵਜੇ ਤੋਂ 1 ਵਜੇ ਤੱਕ ਦੇ ਚੱਕਾ ਜਾਮ ਦੇ ਪ੍ਰੋਗਾਰਮ ਦੀ ਬਜਾਏ ਸੱਚੇ ਦਿਲ ਤੋਂ ਕਿਸਾਨਾਂ ਦੀ ਮੱਦਦ ਕਰਦਾ ਹੋਇਆ ਕਿਸਾਨ ਧਰਨਿਆਂ ਵਿੱਚ ਸ਼ਾਮਲ ਹੋਵੇ। ਸ. ਰਾਜੇਵਾਲ ਨੇ ਕਿਹਾ ਕਿ ਅੱਜ ਦੇ ਪੰਜਾਬ ਬੰਦ ਨੂੰ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਅਤੇ ਸਮਾਜਿਕ ਧਿਰਾਂ ਵੱਲੋਂ ਆਪਣਾ ਸਮਰਥਨ ਦਿੱਤਾ ਗਿਆ ਹੈ। ਇਸ ਲਈ ਅਕਾਲੀ ਦਲ ਨੂੰ ਵੱਖਰੇ ਤੌਰ 'ਤੇ ਪ੍ਰਦਸ਼ਨ ਕਰਨਾ ਨਾ ਹੀ ਸ਼ੋਭਾ ਦਿੰਦਾ ਹੈ ਅਤੇ ਨਾ ਹੀ ਇਹ ਕਿਸਾਨਾਂ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਭਰ ਵਿੱਚ ਕਿਸਾਨ ਸਵੇਰ 9 ਵਜੇ ਤੋਂ ਹੀ ਆਵਾਜਾਈ ਨੂੰ ਠੱਪ ਕਰੀ ਧਰਨਿਆਂ 'ਤੇ ਬੈਠੇ ਹਨ ਤਾਂ ਅਜਿਹੇ ਵਿੱਚ ਖਾਲੀ ਸੜ੍ਹਕਾਂ 'ਤੇ ਅਕਾਲੀ ਦਲ ਕਿਹੜਾ 'ਚੱਕਾ ਜਾਮ' ਕਰੇਗਾ।


Aarti dhillon

Content Editor

Related News