ਹੁਕਮਾਂ ਦਾ ਉਲੰਘਣਾ ਕਰਕੇ ਪਰਾਲੀ ਸਾੜਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ

11/08/2019 9:08:41 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ ਤਨੇਜਾ, ਖੁਰਾਣਾ, ਸੁਖਪਾਲ)— ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਰਾਲੀ ਸਾੜਨ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਾਲ ਦੀ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵ ਸਮਝਾਉਂਦੇ ਹੋਏ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ। ਇਹ ਗੱਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਰਿਚਾ ਨੇ ਪਰਾਲੀ ਪ੍ਰਬੰਧਨ ਲਈ ਤਾਇਨਾਤ ਕੀਤੇ ਕਲੱਸਟਰ ਕੋਆਰਡੀਨੇਟਰਾਂ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਆਖੀ।
ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਅਤੇ ਕਲੱਸਟਰ ਕੋਆਰਡੀਨੇਟਰਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਨਿਮਰਤਾ ਨਾਲ ਸਮਝਾਇਆ ਜਾਵੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਰਾਲੀ ਸਾੜਨ ਵਾਲੇ ਲੋਕਾਂ ਨਾਲ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਜੋ ਵੀ ਪਰਾਲੀ ਸਾੜਦਾ ਹੈ ਉਸਦਾ ਚਲਾਨ ਕੀਤਾ ਜਾਵੇ ਅਤੇ ਐੱਫ.ਆਈ.ਆਰ. ਦਰਜ ਕਰਵਾਈ ਜਾਵੇ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਪਰਾਲੀ ਸਾੜਨ ਵਾਲਿਆਂ ਖਿਲਾਫ 125 ਐੱਫ.ਆਈ.ਆਰ. ਦਰਜ ਹੋ ਚੁੱਕੀਆਂ ਹਨ ਜਦ ਕਿ 464 ਦੇ ਚਲਾਨ ਕਰਕੇ 11,77,500 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ 726 ਕਿਸਾਨਾਂ ਦੇ ਮਾਲੀ ਰਿਕਾਰਡ 'ਚ ਲਾਲ ਲਕੀਰ ਫੇਰੀ ਗਈ ਹੈ। ਇਸ ਤੋਂ ਬਿਨ੍ਹਾਂ 25 ਖਿਲਾਫ ਹਵਾ ਪ੍ਰਦੁਸ਼ਣ ਰੋਕਥਾਮ ਐਕਟ ਤਹਿਤ ਵੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ ਹੈ। ਇਸ ਦੌਰਾਨ ਐੱਸ.ਡੀ.ਐੱਮ. ਸ੍ਰੀਮਤੀ ਵੀਰਪਾਲ ਕੌਰ, ਗੋਪਾਲ ਸਿੰਘ,  ਓਮ ਪ੍ਰਕਾਸ਼, ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ, ਖੇਤੀਬਾੜੀ ਇੰਜਨੀਅਰ ਅਭੈਜੀਤ ਸਿੰਘ ਧਾਲੀਵਾਲ, ਆਤਮਾ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਵੀ ਹਾਜ਼ਰ ਸਨ।  

KamalJeet Singh

This news is Content Editor KamalJeet Singh