ਆਵਾਰਾ ਕੁੱਤਿਆਂ ਨੇ 60 ਭੇਡਾਂ ਨੂੰ ਨੋਚ ਖਾਇਆ, 20 ਨੂੰ ਕੀਤਾ ਜ਼ਖ਼ਮੀ

03/26/2024 12:29:06 PM

ਡੇਰਾਬੱਸੀ (ਅਨਿਲ)- ਬੀਤੀ ਰਾਤ ਨਜ਼ਦੀਕੀ ਪਿੰਡ ਕਾਰਕੌਰ ਵਿਖੇ ਆਵਾਰਾ ਕੁੱਤਿਆਂ ਨੇ ਭੇਡਾਂ ਦੇ ਬਾੜੇ ''ਤੇ ਹਮਲਾ ਕਰਕੇ ਮੇਮਨਿਆਂ ਸਮੇਤ 60 ਭੇਡਾਂ ਨੂੰ ਨੋਚ ਖਾਇਆ ਅਤੇ 20 ਨੂੰ ਜ਼ਖ਼ਮੀ ਕਰ ਦਿੱਤਾ। ਭੇਡਾਂ ਦਾ ਮਾਲਕ ਯਾਸੀਨ ਖਾਨ ਬਹੁਤ ਗਰੀਬ ਹੈ ਅਤੇ ਉਹ ਉਨ੍ਹਾਂ 'ਤੇ ਹੀ ਗੁਜ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਘੱਟੋ-ਘੱਟ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰ ਸਮੇਤ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਉਕਤ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦਿਆਂ ਭੇਡਾਂ ਦੇ ਮਾਲਕ ਯਾਸੀਨ ਖਾਨ ਨੇ ਦੱਸਿਆ ਕਿ ਚਾਰਦੀਵਾਰੀ ਵਿੱਚ ਕੁੱਲ 100 ਤੋਂ ਵੱਧ ਭੇਡਾਂ ਮੌਜੂਦ ਸਨ। ਜਦੋਂ ਉਹ ਰਾਤ 1.30 ਵਜੇ ਬਾੜੇ ਅਤੇ ਨਜ਼ਰ ਮਾਰਨ ਆਇਆ ਤਾਂ ਵੇਖਿਆ ਕਿ ਅੱਧੀ ਦਰਜਨ ਆਵਾਰਾ ਕੁੱਤਿਆਂ ਨੇ ਭੇਡਾਂ ''ਤੇ ਹਮਲਾ ਕਰ ਦਿੱਤਾ ਸੀ ਅਤੇ ਕਰੀਬ 60 ਭੇਡਾਂ ਦੀ ਮੌਤ ਹੋ ਚੁੱਕੀ ਸੀ ਅਤੇ ਕੁਝ ਜ਼ਖ਼ਮੀ ਭੇਡਾਂ ਤੜਫ਼ ਰਹੀਆਂ ਸਨ। ਉਸ ਨੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਸਵੇਰੇ ਇੱਕ ਡਾਕਟਰ ਨੂੰ ਬੁਲਾਇਆ ਗਿਆ, ਜਿਸ ਨੇ ਜ਼ਖ਼ਮੀ ਭੇਡਾਂ ਦਾ ਇਲਾਜ ਕੀਤਾ। ਯਾਸੀਨ ਨੇ ਦੱਸਿਆ ਕਿ ਇੱਥੇ ਆਵਾਰਾ ਕੁੱਤਿਆਂ ਨੇ ਦਹਿਸ਼ਤ ਮਚਾ ਰੱਖੀ ਹੈ, ਜਿਸ ਕਾਰਨ ਹਰ ਸਮੇਂ ਡਰ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ: ਬਾਬਾ ਵਡਭਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ 'ਚ ਮਚਿਆ ਚੀਕ-ਚਿਹਾੜਾ

ਪਿਛਲੇ ਸਾਲ ਵੀ ਉਸ ਦੇ ਬਾੜੇ 'ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿਚ ਉਸ ਦੀਆਂ 10 ਤੋਂ 15 ਭੇਡਾਂ ਦੀ ਮੌਤ ਹੋ ਗਈ ਸੀ। ਮਰੀਆਂ ਹੋਈਆਂ ਭੇਡਾਂ ਨੂੰ ਜੇ. ਸੀ. ਬੀ. ਦੀ ਮਦਦ ਨਾਲ ਟੋਆ ਪੁੱਟ ਕੇ ਦਫ਼ਨਾਇਆ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਯਾਸੀਨ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ: ਗਲਤ ਟਰੈਕ 'ਤੇ ਚੱਲੀ ਮਾਲਗੱਡੀ ਦੇ ਮਾਮਲੇ 'ਚ ਰੇਲਵੇ ਦੀ ਵੱਡੀ ਕਾਰਵਾਈ, ਲੋਕੋ ਪਾਇਲਟ ਤੇ ਗਾਰਡ ਤਲਬ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri