ਅਵਾਰਾ ਪਸ਼ੂਆਂ ਨੇ ਕਿਸਾਨਾਂ ਦੇ ਨੱਕ ਵਿੱਚ ਕੀਤਾ ਦਮ, ਕਣਕ ਦੀ ਫਸਲ ਦਾ ਕਰ ਰਹੇ ਹਨ ਨੁਕਸਾਨ

01/10/2021 1:46:51 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ): ਇਸ ਵੇਲੇ ਅਵਾਰਾ ਫਿਰ ਰਹੇ ਪਸ਼ੂਆਂ ਨੇ ਕਿਸਾਨਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੇ ਕਿਸਾਨਾਂ ਨੂੰ ਇਸ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਅਵਾਰਾ ਪਸ਼ੂਆਂ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਅਵਾਰਾ ਫਿਰ ਰਹੇ ਪਸ਼ੂਆਂ ਦੀ ਸਮੱਸਿਆ ਦਾ ਕੋਈ ਢੁਕਵਾਂ ਹੱਲ ਕੀਤਾ ਜਾਵੇ। ਕਿਉਂਕਿ ਕਿਸਾਨਾਂ ਲਈ ਇਹ ਵੱਡੀ ਸਿਰਦਰਦੀ ਬਣੇ ਹੋਏ ਹਨ। ਪਰ ਇਸ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਤੇ ਸਿਆਸੀ ਨੇਤਾਵਾਂ ਨੇ ਵੀ ਕਿਸਾਨਾਂ ਦੀ ਬਾਂਹ ਨਹੀਂ ਫੜੀ। ਹਰ ਸਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਖੇਤਾਂ ਦੇ ਆਸੇ ਪਾਸੇ ਕੰਢਿਆਂ ਦੀ ਵਾੜ ਕਰਦੇ ਹਨ। ਲੋਹੇ ਦੀਆਂ ਤਾਰਾਂ ਲਾਈਆਂ ਜਾਂਦੀਆਂ ਹਨ। ਲੱਕੜਾਂ ਦੇ ਦਰਵਾਜ਼ੇ ਰਾਹਾਂ ਤੇ ਬਣਾਏ ਗਏ ਹਨ। ਸੜਕਾਂ ਅਤੇ ਰਾਹਾਂ ਤੇ ਰਾਖ਼ੇ ਬਿਠਾਏ ਗਏ ਹਨ। ਪਰ ਫਿਰ ਵੀ ਇਹ ਅਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਤੇ ਫ਼ਸਲਾਂ ਦਾ ਨੁਕਸਾਨ ਕਰ ਜਾਂਦੇ ਹਨ। ਅਵਾਰਾ ਪਸ਼ੂਆਂ ਨੂੰ ਲੈ ਕੇ ਕਈ ਪਿੰਡਾਂ ਵਿੱਚ ਕਿਸਾਨਾਂ ਦੀਆਂ ਲੜਾਈਆਂ ਵੀ ਹੋਈਆਂ ਹਨ।

PunjabKesari

ਹੁਣ ਲਗਭਗ ਹਰੇਕ ਪਿੰਡ ਵਿੱਚ ਅਵਾਰਾ ਪਸ਼ੂਆਂ ਦੇ ਝੁੰਡ ਫਿਰਦੇ ਹਨ। ਲੋਹੜੇ ਦੀ ਪੈ ਰਹੀ ਕੜਾਕੇ ਦੀ ਠੰਢ ਵਿੱਚ ਕਿਸਾਨ ਰਾਤ ਵੇਲੇ ਵੀ ਆਪਣੇ ਖੇਤਾਂ ਵਿੱਚ ਗੇੜੇ ਮਾਰਦੇ ਹਨ ਤਾਂ ਕਿ ਆਪਣੀ ਫ਼ਸਲ ਬਚਾਈ ਜਾ ਸਕੇ। ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸ ਖੇਤਰ ਦੇ ਵੱਡੇ ਪਿੰਡ ਭਾਗਸਰ ਵਿਖੇ ਅੱਜ ਕਿਸਾਨਾਂ ਨੇ ਇੱਕ ਮੀਟਿੰਗ ਬਾਮੂ ਕੀ ਪੱਤੀ ਧਰਮਸ਼ਾਲਾ ਵਿੱਚ ਕੀਤੀ । ਜਿਸ ਦੌਰਾਨ ਇਹ ਵਿਚਾਰਾਂ ਹੋਈਆਂ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਕਿਵੇਂ ਬਚਾਉਣ।ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ। ਅਵਾਰਾ ਪਸ਼ੂਆਂ ਦੇ ਕਾਰਨ ਜੋ ਹੋਰ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਇਹ ਅਵਾਰਾ ਪਸ਼ੂ ਸੜਕਾਂ ਤੇ ਫਿਰਦੇ ਹਨ। ਧੁੰਦ ਦਾ ਮੌਸਮ ਹੋਣ ਕਰਕੇ ਵਾਹਨਾਂ ਵਾਲਿਆਂ ਨੂੰ ਪਤਾ ਨਹੀਂ ਲੱਗਦਾ। ਜਿਸ ਕਰਕੇ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਸੜਕੀ ਹਾਦਸੇ ਵਾਪਰ ਰਹੇ ਹਨ। ਅਜਿਹੀਆਂ ਘਟਨਾਵਾਂ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ ਤੇ ਅਨੇਕਾਂ ਲੋਕ ਗੰਭੀਰ ਜ਼ਖ਼ਮੀ ਹੋਏ ਹਨ।ਪੰਜਾਬ ਸਰਕਾਰ ਤੇ ਸਿਆਸੀ ਨੇਤਾਵਾਂ ਨੂੰ ਕਿਸਾਨਾਂ ਅਤੇ ਆਮ ਲੋਕਾਂ ਦਾ ਦੁੱਖ ਦਰਦ ਸਮਝਣਾ ਚਾਹੀਦਾ ਹੈ ਤੇ ਇਸ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ।

PunjabKesari


Shyna

Content Editor

Related News