ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਮੁਹੱਈਆ ਕਰਵਾਏਗੀ 40,000 ਮਸ਼ੀਨਾਂ

02/26/2019 11:51:09 PM

ਚੰਡੀਗੜ੍ਹ, (ਭੁੱਲਰ) : ਅਗਾਮੀ ਸਾਉਣੀ ਦੇ ਸੀਜ਼ਨ ਦੌਰਾਨ ਪਰਾਲੀ ਦੇ ਵਿਗਿਆਨਿਕ ਢੰਗ ਨਾਲ ਪ੍ਰਬੰਧਨ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 40,000 ਪਰਾਲੀ ਪ੍ਰਬੰਧਨ ਮਸ਼ੀਨਾਂ ਸਬਸਿਡੀ 'ਤੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਖੇਤੀਬਾੜੀ, ਕੇ. ਐੱਸ. ਪੰਨੂੰ ਨੇ ਦੱਸਿਆ ਕਿ ਬੀਤੇ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮੁਹੱਈਆ ਕਰਵਾਏ ਗਏ 28,000 ਉਪਕਰਨਾਂ ਦੀ ਤਰਜ਼ 'ਤੇ ਪੰਜਾਬ ਸਰਕਾਰ ਆਗਾਮੀ ਸਾਉਣੀ ਦੇ ਸੀਜ਼ਨ ਦੌਰਾਨ ਪਰਾਲੀ ਦੇ ਢੁਕਵੇਂ ਪ੍ਰਬੰਧਨ ਲਈ ਵਿਸ਼ੇਸ਼ ਉਪਕਰਨ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਭਾਰਤ ਸਰਕਾਰ ਦੀ ਸਿੱਧੇ ਸਹਿਯੋਗ ਨਾਲ ਸਪਲਾਈ ਕੀਤੀਆਂ ਜਾਣਗੀਆਂ ਅਤੇ ਉਤਪਾਦਕਾਂ ਦੇ ਸੂਚੀ 'ਚ ਨਾਮ ਦਰਜ ਕਰਨ ਲਈ ਆਨਲਾਈਨ ਪ੍ਰਕਿਰਿਆ ਪਹਿਲਾਂ ਹੀ ਸ਼ਰੂ ਹੋ ਚੁੱਕੀ ਹੈ।

ਨਿੱਜੀ ਕਿਸਾਨਾਂ ਦੇ ਕੇਸ 'ਚ ਕਿਸਾਨ ਸਿੱਧੇ ਤੌਰ 'ਤੇ 50 ਫੀਸਦੀ ਸਬਸਿਡੀ ਅਤੇ ਗਰੁੱਪਾਂ ਅਤੇ ਕੋਆਪਰੇਟਿਵ ਸੋਸਾਇਟੀਆਂ ਦੇ ਕੇਸ ਵਿਚ 80 ਫੀਸਦੀ ਸਬਸਿਡੀ ਲੈ ਸਕਦੇ ਹਨ। ਸਕੱਤਰ ਨੇ ਅੱਗੇ ਦੱਸਿਆ ਕਿ ਟੈਂਡਰ ਪ੍ਰਕਿਰਿਆ ਦੀ ਕਾਰਵਾਈ ਅਤੇ ਸ਼ਰਤਾਂ ਬਾਰੇ ਉਤਪਾਦਕਾਂ ਨੂੰ ਜਾਣਕਾਰੀ ਦੇਣ ਲਈ ਮੰਗਵਾਰ ਨੂੰ ਪ੍ਰੀ-ਬਿੱਡ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸੰਯੁਕਤ ਸਕੱਤਰ ਖੇਤੀਬਾੜੀ, ਭਾਰਤ ਸਰਕਾਰ ਅਸ਼ਵਨੀ ਕੁਮਾਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਸਰਕਾਰ ਵਲੋਂ ਪਿਛਲੇ ਸਾਉਣੀ ਦੇ ਸੀਜ਼ਨ ਦੌਰਾਨ ਢੁੱਕਵੀਆਂ ਮਸ਼ੀਨਾਂ ਮੁਹੱਈਆ ਕਰਵਾ ਕੇ ਪਰਾਲੀ ਸਾੜਨ ਦੇ ਮਾਮਲਿਆਂ 'ਤੇ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰੇ ਉਤਪਾਦਕਾਂ ਨੂੰ ਤਕਨੀਕੀ ਨਿਰਦੇਸ਼ਾਂ ਦੀ ਪਾਲਣਾ ਦੀ ਸਲਾਹ ਦਿੱਤੀ ਤਾਂ ਜੋ ਅਗਾਮੀ ਸੀਜ਼ਨ ਦੌਰਾਨ ਵੀ ਕਿਸਾਨਾਂ ਨੂੰ ਢੁੱਕਵੇਂ ਉਪਕਰਨ ਮੁਹੱਈਆ ਕਰਵਾਏ ਜਾ ਸਕਣ।


Deepak Kumar

Content Editor

Related News