ਪਰਾਲੀ ਸਾਡ਼ਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਮਿਲੇਗੀ ਖੇਤੀ ਮਸ਼ੀਨਰੀ

08/27/2019 11:19:05 AM

ਪਟਿਆਲਾ (ਰਾਣਾ, ਜੋਸਨ)—ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਦੇ ਹੋ ਰਹੇ ਨੁਕਸਾਨ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਦੇ ਖੇਤਾਂ ਵਿਚ ਹੀ ਨਿਪਟਾਰੇ ਲਈ ਸ਼ੁਰੂ ਕੀਤੀ ਵਿਆਪਕ ਮੁਹਿੰਮ ਤਹਿਤ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਖੇਤੀ ਮਸ਼ੀਨਰੀ ਅਤੇ ਖੇਤੀ ਸੰਦ ਮੁਹੱਈਆ ਕਰਵਾਉਣ ਲਈ ਮੰਗੀਆਂ ਅਰਜ਼ੀਆਂ ਕਾਰਣ ਹੁਣ ਤੱਕ ਪਟਿਆਲਾ ਜ਼ਿਲੇ ਦੇ 717 ਦੇ ਕਰੀਬ ਕਿਸਾਨਾਂ ਨੇ ਖੇਤੀਬਾਡ਼ੀ ਤੇ ਕਿਸਾਨ ਭਲਾਈ ਵਿਭਾਗ ਨੂੰ ਅਰਜ਼ੀਆਂ ਦੇ ਕੇ ਇਹ ਮਸ਼ੀਨਰੀ ਹਾਸਲ ਕਰਨ ਲਈ ਪਹੁੰਚ ਕੀਤੀ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਅੱਗ ਲਾਉਣ ਕਾਰਨ ਜਿਥੇ ਕਿਸਾਨਾਂ ਦੇ ਮਿੱਤਰ ਕੀਡ਼ੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ, ਉਥੇ ਹੀ ਵਾਤਾਵਰਣ ਵਿਚ ਧੂੰਏਂ ਕਾਰਨ ਜ਼ਹਿਰੀਲੀਆਂ ਗੈਸਾਂ ਦੇ ਫੈਲਾਅ ਕਾਰਨ ਮਨੁੱਖੀ ਤੇ ਪਸ਼ੂ-ਪੰਛੀਆਂ ਦੀ ਸਿਹਤ ’ਤੇ ਬਹੁਤ ਮਾਡ਼ਾ ਅਸਰ ਪੈਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਖੇਤੀਬਾਡ਼ੀ ਵਿਭਾਗ ਨੇ ਸੂਬੇ ਨੂੰ ਮੌਜੂਦਾ ਵਿੱਤੀ ਸਾਲ ਵਿਚ ਪਹਿਲੇ ਪਡ਼ਾਅ ਅਧੀਨ ਕਿਸਾਨਾਂ ਨੂੰ 28 ਹਜ਼ਾਰ ਤੋਂ ਵੱਧ ਖੇਤੀ ਮਸ਼ੀਨਾਂ/ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਪੱਧਰ ’ਤੇ ਮੁਹਿੰਮ ਸੂਬੇ ਵਿਚ ਸ਼ੁਰੂ ਕਰ ਦਿੱਤੀ ਹੈ। 278 ਕਰੋਡ਼ ਰੁਪਏ ਦੀ ਸਬਸਿਡੀ ਨਾਲ ਮੁਹੱਈਆ ਕਰਵਾਏ ਜਾ ਰਹੇ ਇਹ ਖੇਤੀ ਸੰਦ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਖਪਾਉਣ ਲਈ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਸੰਦਾਂ ’ਤੇ 50 ਫੀਸਦੀ ਤੋਂ ਲੈ ਕੇ 80 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤਹਿਤ ਸਹਿਕਾਰੀ ਸਭਾਵਾਂ ਅਤੇ ਕਿਸਾਨ ਗਰੁੱਪਾਂ ਨੂੰ 80 ਫੀਸਦੀ ਜਦਕਿ ਕਿਸਾਨਾਂ ਨੂੰ ਵਿਅਕਤੀਗਤ ਰੂਪ ਵਿਚ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਨਾਲ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਉੱਤਮ ਦਰਜੇ ਦੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ। ਇਸ ਵਿਚ ਸੁਪਰ ਐੱਸ. ਐੱਮ. ਐੱਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਹਾਈਡਰਾਲਿਕ ਰੀਵਰਸੀਬਲ ਮੋਲਡ ਬੋਰਡ ਪਲਾਓ ਅਤੇ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਬਸਿਡੀ ’ਤੇ ਮਸ਼ੀਨਰੀ ਲੈਣ ਲਈ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਤੇ ਪ੍ਰਾਇਮਰੀ ਖੇਤੀਬਾਡ਼ੀ ਸਹਿਕਾਰੀ ਸਭਾਵਾਂ ਪਾਸੋਂ ਹੁਣ ਤੱਕ ਪਟਿਆਲੇ ਜ਼ਿਲੇ ਵਿਚ ਲਗਭਗ 717 ਅਰਜ਼ੀਆਂ ਹਾਸਲ ਹੋਈਆਂ ਹਨ। ਪਟਿਆਲਾ ਜ਼ਿਲੇ ਵਿਚ ਜੋ ਹੁਣ ਤੱਕ 717 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਉਨ੍ਹਾਂ ਵਿਚੋਂ 222 ਅਰਜ਼ੀਆਂ ਕਿਸਾਨ ਗਰੁੱਪਾਂ ਵੱਲੋਂ, 100 ਅਰਜ਼ੀਆਂ ਹੈਪੀ ਸੀਡਰ, 113 ਸੁਪਰ ਐੱਸ. ਐੱਮ. ਐੱਮ., 117 ਅਰਜ਼ੀਆਂ ਪੈਡੀ ਸਟਰਾਅ ਚੌਪਰ ਅਤੇ ਮਲਚਰ, 31 ਅਰਜ਼ੀਆਂ ਆਰ. ਐੱਮ. ਬੀ. ਪਲਾਓ ਅਤੇ 135 ਅਰਜ਼ੀਆਂ ਜ਼ੀਰੋ ਟਿੱਲ ਡਰਿੱਲ ਦੀਆਂ ਪ੍ਰਾਪਤ ਹੋਈਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਦੇ ਹੱਲ ਲਈ ਹੁਣ ਤੱਕ ਖੇਤੀ ਮਸ਼ੀਨਰੀ ਹਾਸਲ ਕਰਨ ਲਈ ਪ੍ਰਾਪਤ ਹੋਈਆਂ 717 ਅਰਜ਼ੀਆਂ ’ਚੋਂ ਘਨੌਰ ਬਲਾਕ ਦੇ ਕਿਸਾਨਾਂ ਦੀਆਂ 115, ਨਾਭਾ ਬਲਾਕ ਦੀਆਂ 167, ਪਟਿਆਲਾ ਬਲਾਕ ’ਚੋਂ 112, ਭੁਨਰਹੇਡ਼ੀ ਬਲਾਕ ’ਚੋਂ 85, ਰਾਜਪੁਰਾ ਬਲਾਕ ’ਚੋਂ 65 ਅਤੇ ਸਮਾਣਾ ਬਲਾਕ ’ਚੋਂ 174 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖੇਤੀਬਾਡ਼ੀ ਵਿਭਾਗ ਨੂੰ 15 ਸਤੰਬਰ ਤੱਕ ਇਹ ਮਸ਼ੀਨਰੀ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਜਾ ਰਹੀ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਤਾਂ ਕਿ ਪਰਾਲੀ ਸਾਡ਼ਨ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ। ਇਸ ਨਾਲ ਸੂਬੇ ਦੇ ਵਾਤਾਵਰਣ ਨੂੰ ਵੀ ਬਚਾਇਆ ਜਾ ਸਕੇਗਾ।

Shyna

This news is Content Editor Shyna