ਮਾਮਲਾ ਪਰਾਲੀ ਸਾੜਨ ਦਾ, ਸਿਰਫ ਅਫਸਰ ਹੀ ਨਹੀਂ ਕਿਸਾਨਾਂ ''ਤੇ ਵੀ ਵਰਿਆ ਸੁਪਰੀਮ ਕੋਰਟ

11/27/2019 5:18:36 PM

ਪਟਿਆਲਾ (ਪਰਮੀਤ): ਹਾਲ ਹੀ 'ਚ ਸੁਪਰੀਮ ਕੋਰਟ ਵਲੋਂ ਪਰਾਲੀ ਸਾੜਨ ਦੇ ਮਾਮਲੇ 'ਤੇ ਸਿਰਫ ਪੰਜਾਬੀ ਦੀ ਅਫਸਰਸ਼ਾਹੀ ਦੀ ਹੀ ਕਲਾਸ ਨਹੀਂ ਲਗਾਈ ਗਈ ਬਲਕਿ ਇਸ ਮਾਮਲੇ ਵਿਚ ਕਿਸਾਨਾਂ ਨੂੰ ਵੀ ਜੁਰਮਾਨਾ ਕਰਨ ਦਾ ਵੀ ਸੁਝਾਅ ਦਿੱਤਾ ਹੈ।ਸਰਵ ਉਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਉਨ੍ਹਾਂ ਕਿਸਾਨਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਗਾਈ ਸੀ। ਸੂਤਰਾਂ ਦੇ ਮੁਤਾਬਕ ਵਿਭਾਗ ਨੇ 2019 ਦੇ ਸੀਜ਼ਨ  ਤੋਂ ਹਰ ਕਿਸਾਨ ਦੀ ਵੱਖੋ-ਵੱਖ ਸੂਚਨਾ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਈ, ਉਨ੍ਹਾਂ ਦੀ ਸੂਚੀ ਵੱਖਰੇ ਤੌਰ 'ਤੇ ਤਿਆਰ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪੰਜਾਬ ਵਿਚ ਝੋਨੇ ਅਧੀਨ ਰਕਬਾ ਵੱਧ ਕੇ 2.27 ਲੱਖ ਹੈਕਟੇਅਰ ਹੋ ਗਿਆ ਹੈ। ਝੋਨੇ ਦੀ ਸਿੰਜਾਈ ਲਈ ਪਹਿਲਾਂ ਟਿਊਬਵੈੱਲਾਂ ਦੀ ਵਰਤੋਂ 38 ਫੀਸਦੀ ਸੀ ਜੋ ਹੁਣ ਵੱਧ ਕੇ 98 ਫੀਸਦੀ ਹੋ ਗਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਝੋਨੇ ਦੀ ਸਿੰਜਾਈ ਵਾਸਤੇ ਟਿਊਬਵੈਲਾਂ ਦੀ ਵਰਤੋਂ ਕਾਰਨ ਜ਼ਮੀਨ ਹੇਠਲਾ ਪਾਣੀ ਘੱਟ ਰਿਹਾ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਖੇਤੀਬਾੜੀ ਵਿਭਾਗ ਦੀ ਸਰਗਰਮੀ ਕਾਰਨ ਕਿਸਾਨ ਵੀ ਗੁੱਸੇ ਵਿਚ ਭਰੇ ਪੀਤੇ ਹਨ। ਸਥਿਤੀ ਆਉਂਦੇ ਸਮੇਂ ਵਿਚ ਕੀ ਕਰਵਟ ਲਵੇਗੀ, ਇਹ ਸਮੇਂ ਅਨੁਸਾਰ ਹੀ ਪਤਾ ਲੱਗੇਗਾ।


Shyna

Content Editor

Related News