ਸਕੂਲ ’ਚ ਨਸ਼ਾ ਕਰਨ ਤੋਂ ਰੋਕਣ ’ਤੇ ਵਿਅਕਤੀ ਦੀ ਤੋਡ਼ੀ ਲੱਤ

07/13/2019 2:03:49 AM

ਮਲੋਟ, (ਜੁਨੇਜਾ)- ਬੇਸ਼ੱਕ ਪੁਲਸ ਵੱਲੋਂ ਨਸ਼ੇ ਦੇ ਖਾਤਮੇ ਲਈ ਮੁਹਿੰਮ ਵਿਚ ਤੇਜ਼ੀ ਹੋਣ ਅਤੇ ਇਸ ਸਬੰਧੀ ਸਖਤੀ ਨਾਲ ਕਾਰਵਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਪਰ ਇਸ ਦੇ ਬਾਵਜੂਦ ਨਸ਼ੇ ਦੀ ਵਿਕਰੀ ਅਤੇ ਵਰਤੋਂ ਜ਼ੋਰਾਂ ’ਤੇ ਹੈ ਅਤੇ ਸਮੱਗਲਰਾਂ ਅਤੇ ਨਸ਼ੇਡ਼ੀਆਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਸ ਦੀ ਮਿਸਾਲ ਵੇਖਣ ਨੂੰ ਮਿਲੀ ਪਿੰਡ ਛਾਪਿਆਂ ਵਾਲੀ ਵਿਖੇ ਸਕੂਲ ਦੀ ਇਮਾਰਤ ’ਚ। ਇੱਥੇ ਰਾਤ-ਰਾਤ ਭਰ ਨਸ਼ੇ ਦਾ ਸੇਵਨ ਕਰਨ ਵਾਲੇ ਕੁਝ ਨਸ਼ੇਡ਼ੀਆਂ ਨੇ ਨਸ਼ੇ ਦਾ ਵਿਰੋਧ ਕਰਨ ਵਾਲੇ ਇਕ ਵਿਅਕਤੀ ਦੀ ਲੱਤ ਤੋਡ਼ ਦਿੱਤੀ ਅਤੇ ਉਸਨੂੰ ਛੁਡਾਉਣ ਆਈ ਆਂਗਣਵਾਡ਼ੀ ਵਰਕਰ ਦੇ ਸਿਰ ’ਚ ਕਹੀ ਮਾਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ’ਚ ਭਰਤੀ ਸਾਧਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੰਦਰ 70 ਦੇ ਕਰੀਬ ਲਡ਼ਕੇ ਚਿੱਟੇ ਅਤੇ ਟੀਕਿਆਂ ਦਾ ਨਸ਼ਾ ਕਰਦੇ ਹਨ। ਇਹ ਲਡ਼ਕੇ ਪਿੰਡ ਦੇ ਸਕੂਲ ਦੇ ਦਰਵਾਜ਼ੇ ਖੋਲ੍ਹ ਕੇ ਰਾਤ ਭਰ ਬੈਠ ਕੇ ਨਸ਼ਾ ਕਰਦੇ ਹਨ ਅਤੇ ਸਵੇਰੇ ਛੋਟੇ-ਛੋਟੇ ਬੱਚੇ ਨਸ਼ੇ ਲਈ ਵਰਤੀਆਂ ਸਰਿੰਜਾਂ ਆਦਿ ਚੁੱਕ ਲੈਂਦੇ ਹਨ। ਇਸ ਸਬੰਧੀ ਸਕੂਲ ਟੀਚਰਾਂ ਨੇ ਗੁਰਦੁਆਰਾ ਸਾਹਿਬ ਵਿਚ ਅਨਾਊਂਸ ਕਰ ਕੇ ਪਿੰਡ ਵਾਲਿਆਂ ਦਾ ਸਹਿਯੋਗ ਮੰਗਿਆ ਅਤੇ ਉਨ੍ਹਾਂ ਖੁਦ ਇਸ ਸਬੰਧੀ ਪਿੰਡ ਦੇ ਸਰਪੰਚ ਦੇ ਧਿਆਨ ’ਚ ਲਿਆਂਦਾ ਅਤੇ ਇਕ ਸ਼ਿਕਾਇਤ ਲਿਖ ਕੇ ਪਿੰਡ ਵਾਸੀਆਂ ਦੇ ਦਸਤਖਤ ਕਰਾਉਣ ਲਈ ਮੁਹਿੰਮ ਸ਼ੁਰੂ ਕੀਤੀ ਤਾਂ ਪਿੰਡ ਦੇ 7 ਦੇ ਕਰੀਬ ਨਸ਼ੇਡ਼ੀਆਂ ਨੇ ਉਸਦੇ ਘਰ ਆ ਕੇ ਹਮਲਾ ਕਰ ਦਿੱਤਾ ਅਤੇ ਉਸਦੀ ਲੱਤ ਤੋਡ਼ ਦਿੱਤੀ। ਹਮਲਾਵਰ ਨਸ਼ੇਡ਼ੀਆਂ ਨੇ ਚਿਤਾਵਨੀ ਦਿੱਤੀ ਕਿ ਸਾਡੇ ਖਿਲਾਫ ਬੋਲਣ ਵਾਲੇ ਦਾ ਇਹ ਹਸ਼ਰ ਕਰਾਂਗੇ। ਉਧਰ, ਪਿੰਡ ਦੀ ਆਂਗਣਵਾਡ਼ੀ ਵਰਕਰ ਜਸਵਿੰਦਰ ਕੌਰ ਨੇ ਦੱਸਿਆ ਕਿ ਨਸ਼ੇਡ਼ੀ ਸਕੂਲ ’ਚ ਪੰਨੀਆ ਅਤੇ ਟੀਕੇ ਸੁੱਟ ਕੇ ਚਲੇ ਜਾਂਦੇ ਹਨ, ਜਿਸ ਨੂੰ ਬੱਚੇ ਚੁੱਕ ਲੈਂਦੇ ਹਨ। ਇਸ ਤੋਂ ਇਲਾਵਾ ਸਰਕਾਰ ਦੇ ਹੁਕਮ ’ਤੇ ਉਨ੍ਹਾਂ ਵੱਲੋਂ ਨਸ਼ੇ ਛੁਡਾਉਣ ਲਈ ਮੀਟਿੰਗਾਂ ਕਰਦੇ ਹਨ। ਸਾਧਾ ਸਿੰਘ ਵੀ ਉਨ੍ਹਾਂ ਨਾਲ ਮੁਹਿੰਮ ਵਿਚ ਹਿੱਸਾ ਲੈਂਦਾ ਹੈ, ਜਿਸ ਤੋਂ ਖਫਾ ਨਸ਼ੇਡ਼ੀਆਂ ਨੇ ਸਾਧਾ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਜਦੋਂ ਉਹ ਛੁਡਾਉਣ ਲੱਗੀ ਤਾਂ ਨਸ਼ੇਡ਼ੀਆਂ ਨੇ ਕਹੀ ਮਾਰ ਕੇ ਉਸਦਾ ਸਿਰ ਪਾਡ਼ ਦਿੱਤਾ।

ਸਾਰੀ ਰਾਤ ਹਸਪਤਾਲ ’ਚ ਤਡ਼ਪਦਾ ਰਿਹਾ ਸਾਧਾ ਸਿੰਘ

ਉਧਰ ਮਾਡ਼ੇ ਪ੍ਰਬੰਧਾਂ ਕਰ ਕੇ ਚਰਚਾ ਵਿਚ ਰਹੇ ਮਲੋਟ ਦੇ ਸਰਕਾਰੀ ਹਸਪਤਾਲ ਦੀ ਪੋਲ ਖੋਲ੍ਹਦਿਆਂ ਸਾਧਾ ਸਿੰਘ ਨੇ ਕਿਹਾ ਕਿ ਉਹ ਸਾਰੀ ਰਾਤ ਤਡ਼ਪਦਾ ਰਿਹਾ, ਕਿਸੇ ਨੇ ਉਸਦੇ ਪੱਟੀ ਤੱਕ ਕਰਨੀ ਤਾਂ ਦੂਰ ਸਗੋਂ ਉਸਦੀ ਸਾਰ ਤੱਕ ਨਹੀਂ ਲਈ। ਅੱਜ ਸਵੇਰੇ ਪੰਚਾਇਤ ਵੱਲੋਂ ਆਉਣ ਤੋਂ ਬਾਅਦ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਹੈ।

ਪਿੰਡ ਦੀ ਪੰਚਾਇਤ ਨੇ ਪੁਲਸ ਨੂੰ ਦਿੱਤਾ ਮੰਗ ਪੱਤਰ

ਗ੍ਰਾਮ ਪੰਚਾਇਤ ਛਾਪਿਆਂਵਾਲੀ ਦੇ ਮੈਂਬਰ ਅਤੇ ਮੋਹਤਬਰ ਬਲਜਿੰਦਰ ਕੌਰ, ਦਿਆਲ ਸਿੰਘ, ਲਖਵਿੰਦਰ ਸਿੰਘ , ਗੁਰਸ਼ਰਨ ਸਿੰਘ, ਰਜਿੰਦਰ ਸਿੰਘ, ਸਰਬਜੀਤ ਕੌਰ, ਨਿਸ਼ਾਨ ਸਿੰਘ, ਰਜਿੰਦਰ ਸਿੰਘ, ਜੰਗੀਰ ਸਿੰਘ, ਅੰਗਰੇਜ਼ ਸਿੰਘ, ਪਾਲਾ ਸਿੰਘ, ਮਨਿੰਦਰ ਕੌਰ, ਜਗਤਾਰ ਸਿੰਘ, ਲਖਵੀਰ ਕੌਰ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਨੇ ਵੀ ਪੁਲਸ ਕੋਲ ਲਿਖਤੀ ਸ਼ਿਕਾਇਤ ਕਰ ਕੇ ਸਕੂਲ ਵਿਚ ਨਸ਼ਾ ਕਰਨ ਅਤੇ ਮਾਹੌਲ ਖਰਾਬ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਲਈ ਬੇਨਤੀ ਕੀਤੀ ਹੈ। ਉਧਰ ਨਸ਼ੇਡ਼ੀਆਂ ਦੇ ਇਸ ਕਾਰੇ ਤੋਂ ਬਾਅਦ ਪੁਲਸ ਵੱਲੋਂ ਜ਼ਖਮੀਆਂ ਦੇ ਬਿਆਨ ਲੈ ਕੇ ਜਾਂਚ ਅਾਰੰਭ ਦਿੱਤੀ ਗਈ ਹੈ।

Bharat Thapa

This news is Content Editor Bharat Thapa