ਚੋਰੀ ਦਾ ਅਨਟਰੇਸ ਮੁਕੱਦਮਾ ਟਰੇਸ,2 ਵਿਅਕਤੀ ਗ੍ਰਿਫਤਾਰ

06/10/2020 11:13:25 PM

ਮਾਨਸਾ, (ਮਨਜੀਤ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 25 ਦੇ ਸਟੋਰ ’ਚੋਂ 4 ਜੂਨ ਤੋਂ 5 ਜੂਨ 2020 ਦੀ ਦਰਮਿਆਨੀ ਰਾਤ ਨੂੰ ਤਾਲੇ ਤੋੜ ਕੇ 4 ਵੱਡੀਆਂ ਐੱਲ. ਈ. ਡੀ. ਸਕਰੀਨਾਂ, ਡੀ. ਵੀ. ਡੀ. ਪਲੇਅਰ, ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਆਦਿ ਸਾਮਾਨ ਚੋਰੀ ਕਰ ਕੇ ਲੈ ਜਾਣ ਵਾਲੇ 2 ਵਿਅਕਤੀਆਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਗਿਆ। ਚੋਰੀ ਮਾਲ 4 ਵੱਡੀਆਂ ਐੱਲ. ਈ. ਡੀ. ਸਕਰੀਨਾਂ, ਡੀ. ਵੀ. ਡੀ. ਪਲੇਅਰ, ਇੱਕ ਚੇਂਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਵਾਰਦਾਤ ’ਚ ਵਰਤੇ ਆਟੋ ਰਿਕਸ਼ਾ ਨੂੰ ਵੀ ਕਬਜ਼ੇ ’ਚ ਲੈ ਲਿਆ ਗਿਆ ਹੈ।

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਿਤਿੰਨ ਖੁੰਗਰ ਪੁੱਤਰ ਓਮ ਪ੍ਰਕਾਸ਼ ਵਾਸੀ ਔਲਖ ਕਾਲੋਨੀ ਮਾਨਸਾ ਨੇ ਥਾਣਾ ਸਿਟੀ-1 ਮਾਨਸਾ ਦੀ ਪੁਲਸ ਕੋਲ ਬਿਆਨ ਲਿਖਾਇਆ ਕਿ ਉਹ ਮੰਦਰ ਵਾਲੀ ਗਲੀ ਮਾਨਸਾ ਵਿਖੇ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਉਸ ਪਾਸ ਵੱਡੇ ਪ੍ਰੋਗਰਾਮ ਕਰਨ ਲਈ 4 ਵੱਡੀਆਂ ਐੱਲ. ਈ. ਡੀ. ਸਕਰੀਨਾਂ 50 ਇੰਚੀ, ਡੀ. ਵੀ. ਡੀ. ਪਲੇਅਰ, ਇਕ ਚੇਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਆਦਿ ਸਿਸਟਮ ਹੈ, ਜੋ ਇਹ ਸਾਮਾਨ ਉਸ ਵੱਲੋਂ ਭਗਤ ਸਿੰਘ ਚੌਕ ਮਾਨਸਾ ਤੋਂ ਡੀ. ਏ. ਵੀ. ਸਕੂਲ ਮਾਨਸਾ ਨੂੰ ਜਾਂਦੀ ਲਿੰਕ ਸੜਕ ’ਤੇ ਬਣਾਏ ਸਟੋਰ ’ਚ ਰੱਖਿਆ ਹੋਇਆ ਸੀ। 4 ਜੂਨ ਤੋਂ 5 ਜੂਨ 2020 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਨੇ ਸਟੋਰ ਦਾ ਸ਼ਟਰ ਅਤੇ ਤਾਲੇ ਤੋੜ ਕੇ ਉਕਤ ਸਾਮਾਨ ਚੋਰੀ ਕਰ ਲਿਆ। ਮੁਦੱਈ ਪਹਿਲਾਂ ਆਪਣੇ ਤੌਰ ’ਤੇ ਪੜਤਾਲ ਕਰਦਾ ਰਿਹਾ ਅਤੇ ਫਿਰ 9 ਜੂਨ 2020 ਨੂੰ ਪੁਲਸ ਪਾਸ ਬਿਆਨ ਲਿਖਾਉਣ ’ਤੇ ਮੁਕੱਦਮਾ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ ਗਈ।

ਜਾਂਚ ਦੌਰਾਨ ਮੁਕੱਦਮੇ ਨੂੰ ਟਰੇਸ ਕਰ ਕੇ 2 ਵਿਅਕਤੀਆਂ ਅਵਤਾਰ ਸਿੰਘ ਉਰਫ ਤਾਰੀ ਅਤੇ ਜਸਪਾਲ ਸਿੰਘ ਉਰਫ ਪਾਲੀ ਪੁੱਤਰਾਨ ਲਾਲ ਸਿੰਘ ਵਾਸੀ ਵਾਰਡ ਨੰਬਰ 25 ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਮਾਲ 4 ਵੱਡੀਆਂ ਐੱਲ. ਈ. ਡੀ. ਸਕਰੀਨਾਂ, ਡੀ. ਵੀ. ਡੀ. ਪਲੇਅਰ, ਇੱਕ ਚੇਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਨੂੰ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਵਲੋਂ ਵਾਰਦਾਤ ’ਚ ਵਰਤੇ ਆਟੋ ਰਿਕਸ਼ਾ ਨੂੰ ਵੀ ਪੁਲਸ ਨੇ ਕਬਜ਼ੇ ’ਚ ਲੈ ਲਿਆ ਗਿਆ ਹੈ। ਬਰਾਮਦ ਕੀਤੇ ਸਾਮਾਨ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।


Bharat Thapa

Content Editor

Related News