2 ਘਰਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ

08/30/2019 11:43:27 PM

ਪਾਤਡ਼ਾਂ, (ਮਾਨ)- ਸ਼ਹਿਰ ਦੀ ਟਿੱਬਾ ਬਸਤੀ ਵਿਖੇ ਚੋਰਾਂ ਨੇ ਸੁੰਨੇ ਪਏ 2 ਘਰਾਂ ’ਚੋਂ ਰਾਤ ਸਮੇਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਘਟਨਾ ਨੂੰ ਅੰਜਾਮ ਦੇ ਰਹੇ ਚੋਰਾਂ ਦੇ ਹੱਥਾਂ ਵਿਚ ਰਾਡਾਂ ਆਦਿ ਦੇਖ ਕੇ ਕੋਈ ਵੀ ਮੁਹੱਲਾ ਵਾਸੀ ਨਹੀਂ ਬੋਲਿਆ। ਸ਼ਹਿਰ ਦੀਆਂ ਤੰਗ ਗਲੀਆਂ ਵਾਲੀ ਜਾਣੀ ਜਾਂਦੀ ਟਿੱਬਾ ਬਸਤੀ ਵਿਚ ਰਹਿੰਦਾ ਸ਼ਾਮ ਲਾਲ ਖੁੰਗਰ ਪਰਿਵਾਰ ਸਮੇਤ ਰਾਤ ਨੂੰ ਕਿਤੇ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ। ਚੋਰ ਬਾਹਰਲੇ ਦਰਵਾਜ਼ੇ ਨੂੰ ਲੱਗਾ ਜਿੰਦਰਾ ਤੋਡ਼ ਕੇ ਘਰ ਵਿਚ ਦਾਖਲ ਹੋਏ। ਘਰ ਵਿਚੋਂ 50 ਹਜ਼ਾਰ ਰੁਪਏ, ਐੱਲ. ਸੀ. ਡੀ., ਡਾਲਰ ਅਤੇ ਸੋਨੇ ਦੇ ਗਹਿਣੇ ਆਦਿ ਲੈ ਗਏ।

ਉਨ੍ਹਾਂ ਮੁਤਾਬਕ ਸਾਰੇ ਸਾਮਾਨ ਦੀ ਕੀਮਤ ਡੇਢ ਲੱਖ ਦੇ ਕਰੀਬ ਬਣਦੀ ਹੈ। ਇਸੇ ਦੌਰਾਨ ਚੋਰ ਜਦੋਂ ਇਕ ਹੋਰ ਘਰ ਦੇ ਜਿੰਦਰੇ ਤੋਡ਼ ਕੇ ਚੋਰੀ ਕਰਨ ਲੱਗੇ ਤਾਂ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਇਸ ਦੀ ਭਿਣਕ ਲੱਗ ਗਈ। ਮਹੱਲਾ ਵਾਸੀਆਂ ਮੁਤਾਬਕ ਚੋਰਾਂ ਨੇ ਤਲਵਾਰਾਂ ਫਡ਼ੀਆਂ ਹੋਈਆਂ ਸਨ। ਡਰੇ ਹੋਏ ਲੋਕਾਂ ਨੇ ਪੁਲਸ ਨੂੰ ਫੋਨ ਕੀਤਾ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਚੋਰ ਚੋਰੀਆਂ ਕਰ ਕੇ ਜਾ ਚੁੱਕੇ ਸਨ। ਸ਼ਹਿਰੀ ਪੁਲਸ ਚੌਕੀ ਪਾਤਡ਼ਾਂ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਚੋਰੀਆਂ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ। ਚੋਰਾਂ ਤੱਕ ਪਹੁੰਚਣ ਲਈ ਮੁਹੱਲੇ ਵਿਚਲੇ ਕੁਝ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ।

Bharat Thapa

This news is Content Editor Bharat Thapa