ਮਾਲਜ਼ ਬਾਹਰੋਂ ਕਾਰਾਂ ਚੋਰੀ ਕਰ ਕੇ ਵੇਚਣ ਵਾਲੇ ਗੈਂਗ ਦਾ ਪਰਦਾਫਾਸ਼

07/17/2019 1:26:10 AM

ਲੁਧਿਆਣਾ(ਰਿਸ਼ੀ)-ਫਿਰੋਜ਼ਪੁਰ ਰੋਡ 'ਤੇ ਮਾਲਜ਼ ਦੇ ਬਾਹਰ ਖੜ੍ਹੀਆਂ ਕਾਰਾਂ ਨੂੰ ਚੋਰੀ ਕਰ ਕੇ ਅਤੇ ਕੱਟ ਕੇ ਕਬਾੜ ਦੇ ਭਾਅ ਵੇਚਣ ਵਾਲੇ ਗੈਂਗ ਦਾ ਥਾਣਾ ਸਰਾਭਾ ਨਗਰ ਦੀ ਪੁਲਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਵਲੋਂ 2 ਦੋਸ਼ੀਆਂ ਨੂੰ ਦਬੋਚ ਕੇ ਚੋਰੀਸ਼ੁਦਾ 4 ਕਾਰਾਂ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ। ਉਪਰੋਕਤ ਜਾਣਕਾਰੀ ਏ. ਸੀ. ਪੀ. ਸਮੀਰ ਵਰਮਾ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਜਸਕਰਨ ਸਿੰਘ (35) ਅਤੇ ਸਿਕੰਦਰ ਸਿੰਘ (35) ਨਿਵਾਸੀ ਮੋਗਾ ਵਜੋਂ ਹੋਈ ਹੈ। ਜੋ ਲੋਕ ਪਾਰਕਿੰਗ ਦੇ ਪੈਸੇ ਬਚਾਉਣ ਲਈ ਮਾਲਜ਼ ਦੇ ਬਾਹਰ ਆਪਣੀਆਂ ਕਾਰਾਂ ਖੜ੍ਹੀਆਂ ਕਰਦੇ ਸਨ, ਇਨ੍ਹਾਂ ਵਲੋਂ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਸੀ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਝ ਦਿਨਾਂ ਵਿਚ ਹੀ ਜਸਕਰਨ ਨੇ ਮੋਗਾ ਤੋਂ ਆ ਕੇ 4 ਕਾਰਾਂ ਚੋਰੀ ਕੀਤੀਆਂ ਅਤੇ ਆਪਣੇ ਸਾਥੀ ਸਿਕੰਦਰ ਜੋ ਕਬਾੜ ਦਾ ਕੰਮ ਕਰਦਾ ਹੈ, ਉਸ ਦੇ ਨਾਲ ਮਿਲ ਕੇ ਕੱਟ ਕੇ ਵੇਚ ਦਿੱਤੀਆਂ। ਪੁਲਸ ਮੁਤਾਬਕ ਇਨ੍ਹਾਂ ਕੋਲੋਂ ਚੋਰੀਸ਼ੁਦਾ 3 ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਫੜੇ ਗਏ ਦੋਵਾਂ ਦੋਸ਼ੀਆਂ ਖਿਲਾਫ ਵਾਹਨ ਚੋਰੀ ਤੋਂ ਪਹਿਲਾਂ ਵੀ ਕਈ ਕੇਸ ਦਰਜ ਹਨ, ਜਿਸ ਵਿਚ ਉਹ ਜ਼ਮਾਨਤ 'ਤੇ ਬਾਹਰ ਆਏ ਹੋਏ ਹਨ। ਪੁਲਸ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ।

Karan Kumar

This news is Content Editor Karan Kumar