ਸ਼ਹੀਦ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋ ਕੇ SSP ਮਾਨਸਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

05/11/2020 5:49:58 PM

ਮਾਨਸਾ (ਸੰਦੀਪ ਮਿੱਤਲ) - ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਜਰਾਣਾ ਦਾ ਸਪੂਤ ਨਾਇਕ ਰਾਜੇਸ਼ ਕੁਮਾਰ ਜੋ ਭਾਰਤੀ ਫੌਜ ਦੀ 21ਵੀਂ ਰਾਸ਼ਟਰੀ ਰਾਈਫਲਜ਼ ਵਿਚ ਜੰਮੂ ਕਸ਼ਮੀਰ ਵਿਚ ਸੇਵਾਵਾਂ ਨਿਭਾ ਰਿਹਾ ਸੀ ਅਤੇ ਜੰਮੂ-ਕਸ਼ਮੀਰ ਦੇ ਹੰਦਵਾੜਾ ਮੁਕਾਬਲੇ ਦੌਰਾਨ ਅੱਤਵਾਦੀਆਂ ਨਾਲ ਲੜਾਈ ਕਰਦਾ ਹੋਇਆ ਮਿਤੀ 02-05-2020 ਨੂੰ ਵੀਰਗਤੀ ਪ੍ਰਾਪਤ ਕਰ ਗਿਆ ਸੀ। ਜਿਸਦੀ ਅੱਜ ਅੰਤਿਮ ਅਰਦਾਸ ਮੌਕੇ ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਸ਼ਹੀਦ ਦੇ ਘਰ ਉਸਦੇ ਮਾਤਾ—ਪਿਤਾ ਅਤੇ ਸਗੇ-ਸੰਬੰਧੀਆਂ ਨਾਲ ਦੁੱਖ ਸਾਂਝਾ ਕਰਨ ਲਈ ਉਸਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਇਹ ਸ਼ਹਾਦਤ ਲਾਸਾਨੀ ਹੈ ਅਤੇ ਇਹ ਪਰਿਵਾਰ ਲਈ ਅਤੇ ਪੂਰੇ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਨੂੰ ਅਜਿਹੇ ਯੋਧਿਆਂ 'ਤੇ ਹਮੇਸ਼ਾ ਮਾਣ ਰਹੇਗਾ। ਜੋ ਸਮਾਜ ਅਤੇ ਦੇਸ਼ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਕਰਦਿਆ ਦੇਸ਼ ਲਈ ਕੁਰਬਾਨ ਹੋ ਜਾਂਦੇ ਹਨ। ਉਨ੍ਹਾਂ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਦੀ ਸ਼ਹਾਦਤ ਅਤਿਅੰਤ ਕੀਮਤੀ ਹੈ। ਸ਼ਹੀਦ ਰਾਜੇਸ਼ ਕੁਮਾਰ ਨੇ ਇਹ ਸ਼ਹਾਦਤ ਦੇ ਕੇ ਇਸ ਇਲਾਕੇ ਨੂੰ, ਇਸ ਪਿੰਡ ਨੂੰ, ਮਾਨਸਾ ਜਿਲੇ ਨੂੰ, ਪੰਜਾਬ ਰਾਜ ਅਤੇ ਪੂਰੇ ਦੇਸ਼ ਨੂੰ ਬੜਾ ਮਾਣ ਬਖਸ਼ਿਆ ਹੈ। ਰਾਜੇਸ਼ ਕੁਮਾਰ ਸਿਰਫ ਉਹਨਾਂ ਦਾ ਹੀ ਸਪੁੱਤਰ ਨਹੀ, ਸਗੋਂ ਸਾਰੇ ਪੰਜਾਬ ਅਤੇ ਦੇਸ਼ ਦਾ ਸਪੁੱਤਰ ਹੈ। ਜ਼ਿਲ੍ਹਾ ਮਾਨਸਾ ਪੁਲਸ, ਜ਼ਿਲ੍ਹਾ ਪ੍ਰਸਾਸ਼ਨ ਮਾਨਸਾ, ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਹਮੇਸ਼ਾ ਖੜ੍ਹੀ ਰਹੇਗੀ। ਉਸਦੀ ਦੇਸ਼ ਪ੍ਰਤੀ ਕੁਰਬਾਨੀ ਨਾਲ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।

ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਸ ਪੰਜਾਬ ਸ੍ਰੀ ਦਿਨਕਰ ਗੁਪਤਾ ਜੀ ਵੱਲੋਂ ਸੰਦੇਸ਼ ਦੇ ਕੇ ਉਚੇਚੇ ਤੌਰ ਤੇ ਮੈਨੂੰ ਭੇਜਿਆ ਹੈ ਕਿ ਸ਼ਹੀਦ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ ਅਤੇ ਪਰਿਵਾਰ ਨੂੰ ਦੱਸਿਆ ਜਾਵੇ ਕਿ ਉਸਦੇ ਪਰਿਵਾਰ ਨੂੰ ਪੰਜਾਬ ਪੁਲਿਸ ਆਪਣਾ ਪਰਿਵਾਰ ਸਮਝੇਗੀ, ਪੰਜਾਬ ਪੁਲਿਸ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਰਹੇਗੀ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।


Harinder Kaur

Content Editor

Related News