ਮੁਕਤਸਰ ਕਾਂਡ: ਸਿਆਸੀ ਸਰਪ੍ਰਸਤੀ, ਸਮਾਜਿਕ ਦਬਾਅ ਤੇ ਦਹਿਸ਼ਤ ਦਾ ਸਿੱਟਾ

06/16/2019 11:50:04 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ''ਸ਼ਹਿਰ 'ਚ ਔਰਤ 'ਤੇ ਜਬਰ ਕਰਨ ਦੀ ਘਟਨਾ ਇਤਫਾਕਨ ਨਹੀਂ, ਸਗੋਂ ਇਸ ਘਟਨਾ ਦਾ ਪਿਛੋਕੜ ਸਿਆਸੀ ਸ਼ਹਿ ਪ੍ਰਾਪਤ ਪਰਿਵਾਰ ਨਾਲ ਜੁੜਿਆ ਹੈ, ਜਿਹੜਾ ਕਥਿਤ ਰੂਪ 'ਚ ਫਾਈਨੈਂਸ ਦਾ ਗੈਰਕਾਨੂੰਨੀ ਧੰਦੇ ਨਾਲ ਮੁਹੱਲਾ ਵਾਸੀਆਂ 'ਤੇ ਦਹਿਸ਼ਤ ਤੇ ਦਬਾਅ ਬਣਾ ਕੇ ਰੱਖਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਸਿੰਘ, ਪ੍ਰਿਤਪਾਲ ਸਿੰਘ, ਐਡਵੋਕੇਟ ਐੱਨ.ਕੇ.ਜੀਤ ਤੇ ਲੋਕ ਗਾਇਕ ਜਗਸੀਰ ਜੀਦਾ 'ਤੇ ਆਧਾਰਿਤ ਕਮੇਟੀ ਮੈਂਬਰਾਂ ਵਲੋਂ ਕੀਤਾ ਗਿਆ। ਟੀਮ ਦੇ ਮੈਂਬਰਾਂ ਨੇ ਹਸਪਤਾਲ ਅਤੇ ਮੁਹੱਲੇ ਦਾ ਦੌਰਾ ਕਰਦਿਆਂ ਪੀੜਤ ਔਰਤ, ਪਰਿਵਾਰ ਅਤੇ ਮੁਹੱਲਾ ਵਾਸੀਆਂ ਨੂੰ ਮਿਲੇ। ਸਭਾ ਦੇ ਆਗੂਆਂ ਨੇ ਦੱਸਿਆ ਕਿ ਦੋਸ਼ੀਆਂ ਨੇ ਇਹ ਘਟਨਾ ਮਿਥ ਕੇ, ਮੁਹੱਲਾ ਵਾਸੀਆਂ 'ਤੇ ਦਹਿਸ਼ਤ ਬਣਾਈ ਰੱਖਣ ਅਤੇ ਆਪਣੇ ਲੁੱਟ ਦੇ ਸਾਮਰਾਜ ਨੂੰ ਚਲਦਾ ਰੱਖਣ ਲਈ ਕੀਤੀ ਹੈ। ਦੋਸ਼ੀ ਪਰਿਵਾਰ ਦੇ ਮੈਂਬਰ ਮੁਹੱਲੇ ਦੇ ਗਰੀਬ ਲੋਕਾਂ ਪੰਜ ਤੋਂ ਦਸ ਫੀਸਦੀ ਵਿਆਜ 'ਤੇ ਪੈਸੇ ਦੇ ਕੇ ਕਥਿਤ ਰੂਪ 'ਚ ਧੱਕੇ ਨਾਲ ਵਸੂਲਦੇ ਹਨ।

PunjabKesari

ਦੋਸ਼ੀਆਂ ਦੇ ਸਿਆਸੀ ਪ੍ਰਭਾਵ ਦੇ ਚਲਦਿਆਂ ਦਿਨ-ਦਿਹਾੜੇ ਗਲੀ 'ਚ ਕੁੱਟੀ ਜਾ ਰਹੀ ਔਰਤ ਨੂੰ ਛੁਡਾਉਣ ਲਈ ਉਸ ਦੀ ਮਾਂ ਤੋਂ ਬਿਨਾਂ ਕੋਈ ਮੁਹੱਲਾ ਵਾਸੀ ਮੂਹਰੇ ਨਹੀਂ ਆਇਆ। ਦੋਸ਼ੀਆਂ ਵਲੋਂ ਪੀੜਤ ਔਰਤ ਨੂੰ ਉਸ ਦੀ 12 ਸਾਲਾ ਬੇਟੀ ਨੂੰ ਚੁੱਕਣ ਦੀਆਂ ਕਥਿਤ ਧਮਕੀਆਂ ਦਾ ਗੰਭੀਰ ਮਾਮਲਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੋਸ਼ੀ ਪਰਿਵਾਰ ਦੀ ਤੰਦ ਇਸ ਖ਼ੇਤਰ 'ਚ ਕਤਲਾਂ ਅਤੇ ਹੋਰ ਜ਼ਰਾਇਮ ਪੇਸ਼ਾ ਘਟਨਾਵਾਂ ਨਾਲ ਜੁੜਦੀ ਹੈ, ਜਿਸਦੀ ਅਦਾਲਤ ਦੀ ਨਿਗਰਾਨੀ 'ਚ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਸਹੀ ਨਤੀਜੇ ਲਈ ਔਰਤ ਦੀ ਬੇਰਹਿਮੀ ਨਾਲ ਕੀਤੀ ਕੁੱਟ ਦੀਆਂ ਸੱਟਾਂ ਦੀ ਜਾਂਚ ਲਈ ਵਿਸ਼ੇਸ਼ ਮੈਡੀਕਲ ਬੋਰਡ ਬਣਾ ਕੇ ਮੈਡੀਕਲ ਕਾਲਿਜ ਫਰੀਦਕੋਟ ਜਾਂ ਪੀ. ਜੀ. ਆਈ.ਦੀ ਜਾਂਚ ਕਰਵਾਈ ਜਾਵੇ। ਸਭਾ ਨੇ ਸਮੂਹ ਇਨਸਾਫ ਪਸੰਦ ਲੋਕਾਂ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਗੁੰਡਾ ਗਰੋਹਾਂ ਨੂੰ ਨੱਥ ਪਾਉਣ ਲਈ ਸਾਂਝੇ ਸੰਘਰਸ਼ਾਂ ਦੇ ਰਾਹ ਤੁਰਨ ਦਾ ਸੱਦਾ ਦਿੱਤਾ ਹੈ। ਪੜਤਾਲੀਆ ਟੀਮ 'ਚ ਸੇਵਾ ਮੁਕਤ ਅਧਿਆਪਕ ਆਗੂ ਮਹਿੰਦਰ ਸਿੰਘ ਬਰੀਵਾਲਾ, ਸੂਬਾਈ ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਆਦਿ ਸ਼ਾਮਲ ਸਨ। ਆਗੂਆਂ ਅਨੁਸਾਰ ਜਮਹੂਰੀ ਅਧਿਕਾਰ ਸਭਾ ਵਲੋਂ ਘਟਨਾ ਦੀ ਪੂਰੀ ਪੜਤਾਲੀਆ ਰਿਪੋਰਟ ਜਲਦ ਜਾਰੀ ਕੀਤੀ ਜਾਵੇਗੀ।


rajwinder kaur

Content Editor

Related News