ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਨਾਲ ਲੜਨ ’ਚ ਮੋਹਰੀ ਸਾਬਿਤ ਹੋ ਰਿਹਾ ਪਿੰਡ ਭਾਗਸਰ

05/07/2021 12:00:01 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)-ਕੋਰੋਨਾ ਮਹਾਮਾਰੀ ਨੂੰ ਲੈ ਕੇ ਇਸ ਖ਼ੇਤਰ ਦੇ ਪਿੰਡ ਭਾਗਸਰ ਦੇ ਲੋਕਾਂ ’ਚ ਕਾਫ਼ੀ ਜਾਗਰੂਕਤਾ ਆਈ ਹੈ ਤੇ ਉਕਤ ਬੀਮਾਰੀ ਤੋਂ ਬਚਾਅ ਲਈ ਆਮ ਲੋਕ ਕੋਰੋਨਾ ਵੈਕਸੀਨ ਲਗਵਾ ਰਹੇ ਹਨ । ਇਹ ਪਿੰਡ ਕੋਰੋਨਾ ਨਾਲ ਲੜਨ ’ਚ ਮੋਹਰੀ ਸਾਬਿਤ ਹੋ ਰਿਹਾ ਹੈ ਕਿਉਂਕਿ ਅਜੇ ਤੱਕ ਕੋਰੋਨਾ ਦੀ ਬੀਮਾਰੀ  ਨਾਲ ਭਾਗਸਰ ਪਿੰਡ ’ਚ ਇੱਕ ਵੀ ਮੌਤ ਨਹੀਂ ਹੋਈ ਤੇ ਨਾ ਹੀ ਕੋਈ ਸੀਰੀਅਸ ਮਰੀਜ਼ ਹੈ। ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਦੀ ਧਰਮਸ਼ਾਲਾ ਵਿੱਚ ਕੋਰੋਨਾ ਵੈਕਸੀਨ ਲਗਵਾਉਣ ਲਈ ਕੈਂਪ ਲਗਾਇਆ ਗਿਆ ਸੀ ।

ਇਸ ਤੋਂ ਇਲਾਵਾ ਸਰਕਾਰੀ ਸਿਹਤ ਡਿਸਪੈਂਸਰੀ ਵਿੱਚ ਵੀ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲੋਕਾਂ ਦੇ ਟੀਕੇ ਲਗਵਾਏ ਗਏ ਹਨ । ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 500 ਤੋਂ ਵੱਧ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕਾਂ ਜਿਨ੍ਹਾਂ ’ਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਵੀ ਸ਼ਾਮਲ ਹਨ, ਨੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਚੱਕ ਸ਼ੇਰੇਵਾਲਾ ਜਾਂ ਹੋਰਨਾਂ ਥਾਵਾਂ ਤੋਂ ਵੀ ਟੀਕੇ ਲਗਵਾਏ ਹਨ । ਪਿੰਡ ਦੀ ਸਰਕਾਰੀ ਸਿਹਤ ਡਿਸਪੈਂਸਰੀ ’ਚ ਜਾ ਕੇ ਅੱਜ ‘ਜਗ ਬਾਣੀ’ ਵੱਲੋਂ ਇਸ ਸਬੰਧੀ ਹੋਰ ਜਾਣਕਾਰੀ ਲਈ ਗਈ ਤਾਂ ਪਤਾ ਲੱਗਾ ਕਿ ਪਿੰਡ ਦੇ ਬਹੁਤ ਸਾਰੇ ਲੋਕ ਅਜੇ ਟੀਕਾ ਲਗਵਾਉਣ ਲਈ ਆ ਰਹੇ ਹਨ ਪਰ ਇਸ ਵੈਕਸੀਨ ਖ਼ਤਮ ਹੋ ਚੁੱਕੀ ਹੈ ਤੇ ਸੋਮਵਾਰ ਤੱਕ ਹੋਰ ਟੀਕੇ ਆ ਜਾਣਗੇ। ਸਿਹਤ ਵਿਭਾਗ ਦੀ ਟੀਮ ਤੋਂ ਇਲਾਵਾ ਆਸ਼ਾ ਵਰਕਰਾਂ ਵੀ ਲੋਕਾਂ ਨੂੰ ਜਾਗਰੂਕ ਕਰਨਗੀਆਂ । ਲੋਕਾਂ ’ਚ ਕੋਰੋਨਾ ਵੈਕਸੀਨ ਲਗਵਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । 


Manoj

Content Editor

Related News