ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਲਈ ਵਚਨਬੱਧ : ਧਰਮਸੌਤ

01/26/2020 4:28:34 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਉਤਮ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬਧ ਹੈ। ਉਹ ਸ਼ਨੀਵਾਰ ਨੂੰ ਇੱਥੇ ਜ਼ਿਲੇ ਦੇ ਪਿੰਡ ਉਦੇਕਰਨ ਵਿਖੇ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਵਜੋਂ ਵਿਕਸਿਤ ਕੀਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 5 ਪ੍ਰੋਜੈਕਟਰਜ਼ ਦੇ ਲੋਕ ਅਰਪਨ ਸਬੰਧੀ ਕਰਵਾਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ।

ਜੰਗਲਾਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰਾਜ ਵਿਚ ਸਿੱਖਿਆਂ ਢਾਂਚੇ ਦੇ ਵਿਕਾਸ ਤੇ ਵਿਸ਼ੇਸ਼ ਤੱਵਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਸਹਾਰੇ ਹੀ ਅਸਲ ਸਮਾਜਕ ਆਰਥਕ ਵਿਕਾਸ ਦੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਨੇ ਹੀ ਸਾਡੇ ਅੱਜ ਦੇ ਬੱਚਿਆਂ ਨੂੰ ਚੰਗੇ, ਸਿੱਖਿਅਤ ਨਾਗਰਿਕ ਬਣਾਉਣਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਰਾਜ ਦੇ 5730 ਸਕੂਲਾਂ ਨੂੰ ਸਮਾਰਟ ਸਕੂਲ ਵਿਚ ਤਬਦੀਲ ਕੀਤਾ ਗਿਆ ਹੈ ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਣ ਸਿਖਾਉਣ ਦੀ ਵਿਧੀਆਂ ਅਤੇ ਮਲਟੀ ਮੀਡੀਆ ਤਕਨੀਕਾਂ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵੀ 546 ਸਕੂਲਾਂ ਵਿਚ 436 ਸਕੂਲਾਂ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਗਿਆ ਹੈ।

ਸ. ਧਰਮਸੌਤ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਮਨੁੱਖ ਦੀਆਂ ਬੁਨਿਆਦੀ ਜ਼ਰੂਰਤਾਂ ਹਨ ਅਤੇ ਪੰਜਾਬ ਸਰਕਾਰ ਲਈ ਇਹ ਦੋਨੋਂ ਸੈਕਟਰ ਪ੍ਰਮੁੱਖ ਤਰਜੀਹੀ ਖੇਤਰ ਹਨ। ਇਸੇ ਲਈ ਸੂਬਾ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਰਾਹੀਂ ਰਾਜ ਦੇ 2.2 ਕਰੋੜ ਲੋਕਾਂ ਨੂੰ 5 ਲੱਖ ਰੁਪਏ ਸਾਲਾਨਾ ਤੱਕ ਦੇ ਨਗਦੀ ਰਹਿਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜੀਵਨ ਵਿਚ ਸਫਾਈ ਦਾ ਬਹੁਤ ਮਹੱਤਵ ਹੈ। ਉਨ੍ਹਾਂ ਨੇ ਕਿਹਾ,ਕਿ ਸਾਨੂੰ ਆਪਣੇ ਚੌਗਿਰਦੇ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਪੁੱਜਣ ਤੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਆਈ. ਏ. ਐੱਸ. ਅਤੇ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਨੂੰ ਆਖਿਆ। ਇਸ ਸਮੇਂ ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ, ਏ. ਡੀ. ਸੀ. ਜਨਰਲ ਸੰਦੀਪ ਕੁਮਾਰ, ਐੱਸ. ਡੀ. ਐੱਮ. ਵੀਰਪਾਲ ਕੌਰ ਆਦਿ ਸਮੇਤ ਸਕੂਲ ਸਟਾਫ ਅਤੇ ਨਗਰ ਵਾਸੀ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦਾਂ ਵਿਖੇ ਨਤਮਸਤਕ ਵੀ ਹੋਏ ਜਿਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦਿੱਤਾ ਗਿਆ।


cherry

Content Editor

Related News