ਨਕਲੀ ਬੀਜਾਂ ਦੇ ਮਾਮਲੇ ''ਤੇ ਭਾਜਪਾ ਹੋਈ ਗਰਮ, ਅਦਾਲਤੀ ਜਾਂਚ ਮੰਗੀ

05/30/2020 2:45:02 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਝੋਨੇ ਦੇ ਪੀਆਰ 128 ਅਤੇ ਪੀ.ਆਰ. 129 ਬੀਜਾਂ ਦੀ ਅਣ-ਅਧਿਕਾਰਤ ਅਤੇ ਮਹਿੰਗੀ ਵਿੱਕਰੀ ਦੇ ਗਰਮਾਏ ਮਾਮਲੇ 'ਤੇ ਹੁਣ ਭਾਰਤੀ ਜਨਤਾ ਪਾਰਟੀ ਵੀ ਗਰਮ ਹੋ ਗਈ ਹੈ। ਪਾਰਟੀ ਦੇ ਕਿਸਾਨ ਮੋਰਚਾ ਵਲੋਂ ਜ਼ਿਲਾ ਆਗੂ ਅਮਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਦੀ ਅਗਵਾਈ ਹੇਠ ਐੱਸ.ਡੀ.ਐੱਮ. ਮੁਕਤਸਰ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ-ਪੱਤਰ ਭੇਜਕੇ ਬੀਜ ਘੁਟਾਲੇ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਜ਼ਿਲਾ ਪ੍ਰਧਾਨ ਰਾਜੇਸ਼ ਕੁਮਾਰ ਤੇ ਬ੍ਰਿਜ ਮੋਹਨ ਦੇ ਨਾਲ ਅਨੁਰਾਗ ਸ਼ਰਮਾ, ਭੁਪਿੰਦਰ ਸੇਖੋਂ, ਸੰਦੀਪ ਗਿਰਧਰ, ਲੋਕਪ੍ਰਿਯ, ਬਰਜਿੰਦਰ ਕੁਮਾਰ ਖੇੜਾ, ਗੁਰਦੀਪ ਸਿੰਘ, ਜਰਨੈਲ ਸਿੰਘ ਬਲਮਗੜ, ਅਨੁਰਾਗ ਸ਼ਰਮਾ, ਸਵਰਨ ਸਿਘ ਗੋਨੇਆਣਾ, ਗੁਰਭਗਤ ਸਿੰਘ ਹੋਰਾਂ ਨੇ ਦੱਸਿਆ ਕਿ ਲੁਧਿਆਣਾ ਦੀ ਇਕ ਫਰਮ ਕੋਲੋਂ ਵੱਡੀ ਮਾਤਰਾ 'ਚ ਨਕਲੀ ਬੀਜ ਬਰਾਮਦ ਹੋਇਆ ਜਿਹੜਾ ਉਹ ਨਿਰਧਾਰਮ ਰੇਟ ਤੋਂ ਕਈ ਗੁਣਾਂ ਵੱਧ ਭਾਅ 'ਤੇ ਵੇਚ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਕੁਝ ਮੰਤਰੀ ਅਤੇ ਅਧਿਕਾਰੀ ਇਸ ਘੁਟਾਲੇ ਨੂੰ ਕਥਿਤ ਤੌਰ 'ਤੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਨਕਲ ਬੀਜਾਂ ਨੇ ਕਿਸਾਨੀ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ ਇਸ ਲਈ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਮੇ ਦਾ ਘੱਟੋਂ-ਘੱਟ ਸਮਰਥਨ ਮੁੱਲ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਐਲਾਣਿਆ ਜਾਵੇ ਤਾਂ ਜੋ ਕਿਸਾਨਾਂ ਦਾ ਉਤਸ਼ਾਹ ਵੱਧ ਸਕੇ। ਇਸਦੇ ਨਾਲ ਹੀ ਨਰਮੇ ਦੀ ਤੈਅ ਕੀਤੀ 8 ਫੀਸਦੀ ਨਮੀ ਦੀ ਸ਼ਰਤ ਵੀ ਖਤਮ ਕੀਤੀ ਜਾਵੇ। ਐੱਮ.ਡੀ.ਐੱਮ. ਵੀਰਪਾਲ ਕੌਰ ਨੇ ਵਫਦ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਦੀਆਂ ਕਰਨ ਦਾ ਭਰੋਸਾ ਦਿੱਤਾ।

Baljeet Kaur

This news is Content Editor Baljeet Kaur