ਖੇਡ ਮੰਤਰੀ ਵਲੋਂ 3,000 ਤੋਂ ਵੱਧ ਕੋਚਾਂ ਨੂੰ ਨਕਦ ਇਨਾਮ ਦੇਣ ਦੀ ਮਨਜ਼ੂਰੀ

10/18/2021 9:46:58 PM

ਚੰਡੀਗੜ੍ਹ(ਰਮਨਜੀਤ)- ਖੇਡ ਮੰਤਰੀ ਪਰਗਟ ਸਿੰਘ ਨੇ ਸੋਮਵਾਰ ਨੂੰ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਤੇ ਕੋਚਾਂ ਦੇ ਪਿਛਲੇ ਦੋ ਸਾਲਾਂ ਤੋਂ ਰੁਕੇ ਪਏ ਨਕਦ ਇਨਾਮਾਂ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਾਲ 2018-19 ਤੇ 2019-20 ਲਈ 3000 ਤੋਂ ਵੱਧ ਖਿਡਾਰੀਆਂ ਨੂੰ 11 ਕਰੋੜ ਰੁਪਏ ਤੋਂ ਵੱਧ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਐਵਾਰਡ ਦੇਣ ਸਬੰਧੀ ਖੇਡ ਮੰਤਰੀ ਦੀ ਪ੍ਰਧਾਨਗੀ ਹੇਠ ਸੱਦੀ ਕਮੇਟੀ ਦੀ ਮੀਟਿੰਗ ’ਚ ਕੀਤਾ ਗਿਆ, ਜਿਸ ’ਚ ਖੇਡ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ਡਾਇਰੈਕਟਰ ਪਰਮਿੰਦਰ ਸਿੰਘ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐੱਸ. ਸਿੱਧੂ, ਖੇਡ ਮਾਹਿਰ ਵਜੋਂ ਕਮੇਟੀ ਦੇ ਮੈਂਬਰ ਅਰਜੁਨਾ ਐਵਾਰਡੀ ਕਰਨਲ ਬਲਬੀਰ ਸਿੰਘ ਤੇ ਜੈਪਾਲ ਸਿੰਘ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਿਪਟੀ ਡਾਇਰੈਕਟਰ ਭੁਪਿੰਦਰ ਸਿੰਘ ਸ਼ਾਮਲ ਹੋਏ।

ਇਕ ਬਿਆਨ ’ਚ ਪਰਗਟ ਸਿੰਘ ਨੇ ਕਿਹਾ ਕਿ ਵੱਖ-ਵੱਖ ਖੇਡਾਂ ’ਚ ਕੌਮਾਂਤਰੀ ਪੱਧਰ ਤੱਕ ਤਮਗੇ ਜਿੱਤਣ ਵਾਲੇ ਖਿਡਾਰੀਆਂ ਤੇ ਉਨ੍ਹਾਂ ਦੇ ਕੋਚਾਂ ਨੂੰ ਖੇਡ ਨੀਤੀ ਤਹਿਤ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਰੁਕੇ ਐਵਾਰਡ ਇਕ ਮਹੀਨੇ ਅੰਦਰ ਦਿੱਤੇ ਜਾਣਗੇ, ਜਿਸ ਸਬੰਧੀ ਖਿਡਾਰੀਆਂ ਤੇ ਕੋਚਾਂ ਦੀ ਸੂਚੀ ਆਉਂਦੇ ਕੁਝ ਦਿਨਾਂ ’ਚ ਫਾਈਨਲ ਕਰ ਦਿੱਤੀ ਜਾਵੇਗੀ। ਖੇਡ ਮੰਤਰੀ ਨੇ ਵਿਭਾਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਖਿਡਾਰੀ ਜਿਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਉਹ ਨਕਦ ਇਨਾਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।

ਇਕ ਹੋਰ ਫੈਸਲੇ ਵਿੱਚ ਖੇਡ ਮੰਤਰੀ ਵਲੋਂ ਪੰਜਾਬ ਨਾਲ ਸਬੰਧਤ ਐਵਾਰਡ ਜੇਤੂ ਤੇ ਸਾਬਕਾ ਓਲੰਪੀਅਨਾਂ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਗਿਆ, ਜਿਸ ’ਚ ਉਨ੍ਹਾਂ ਨਾਲ ਸਬੰਧਤ ਮਾਮਲੇ ਵਿਚਾਰੇ ਜਾਣਗੇ ਅਤੇ ਪੰਜਾਬ ’ਚ ਖੇਡਾਂ ਲਈ ਸਾਜਗਾਰ ਮਾਹੌਲ ਬਣਾਉਣ ਲਈ ਉਨ੍ਹਾਂ ਦੇ ਕੀਮਤੀ ਸੁਝਾਅ ਲਏ ਜਾਣਗੇ। ਇਸੇ ਤਰ੍ਹਾਂ ਖੇਡ ਐਸੋਸੀਏਸ਼ਨਾਂ ਨਾਲ ਮਿਲ ਕੇ ਚੱਲਣ ਲਈ ਆਪਸੀ ਤਾਲਮੇਲ ਨੂੰ ਹੋਰ ਬਣਾਉਣ ਲਈ ਪੰਜਾਬ ਓਲੰਪਿਕ ਐਸੋਸੀਏਸ਼ਨਾਂ ਨਾਲ ਵੀ ਜਲਦ ਮੀਟਿੰਗ ਕੀਤੀ ਜਾਵੇਗੀ।

Bharat Thapa

This news is Content Editor Bharat Thapa