PSPCL ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ

04/11/2022 9:26:16 PM

ਪਟਿਆਲਾ (ਬਿਊਰੋ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਮੂਹ ਮੁੱਖ ਇੰਜੀਨੀਅਰਜ਼/ਸੰਚਾਲਨ ਅਤੇ ਫੀਲਡ ਅਫਸਰਾਂ ਨੂੰ ਪੰਜਾਬ ’ਚ ਕਣਕ ਦੇ ਪੱਕਣ/ਕਟਾਈ ਸਮੇਂ ਦੌਰਾਨ ਬਿਜਲੀ ਦੇ ਸਪਾਰਕ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਕਾਰਵਾਈ ਕਰਨੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਪੀ.ਐੱਸ.ਪੀ.ਸੀ.ਐੱਲ. ਦੇ ਬੁਲਾਰੇ ਨੇ ਦੱਸਿਆ ਕਿ ਬਿਜਲੀ ਦੀਆਂ ਚੰਗਿਆੜੀਆਂ ਕਾਰਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਸ ਦਿਸ਼ਾ ’ਚ ਵਿਸ਼ੇਸ਼ ਉਪਰਾਲੇ ਕੀਤੇ ਹਨ।

ਇਸ ਸਬੰਧ ’ਚ ਸਮੂਹ ਫੀਲਡ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਜੀ. ਓ. ਸਵਿੱਚਾਂ ’ਤੇ ਸਪਾਰਕਿੰਗ ਹੋ ਰਹੀ ਹੈ, ਉਨ੍ਹਾਂ ਦੀ ਤੁਰੰਤ ਮੇਨਟੀਨੈਂਸ ਕੀਤੀ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਜੀ. ਓ. ਸਵਿੱਚ ਸਪਾਰਕ ਨਾ ਕਰੇ। ਖੇਤਾਂ ’ਚੋਂ ਲੰਘਦੀਆਂ ਐੱਚ. ਟੀ./ਐੱਲ. ਟੀ. ਲਾਈਨਾਂ ਦੇ ਲੂਜ਼ ਸੈਗ ਨੂੰ ਟਾਈਟ ਕੀਤਾ ਜਾਵੇ, ਜਿੱਥੇ ਸੈਗ ਜ਼ਿਆਦਾ ਹੈ ਤਾਂ ਹੋਰ ਖੰਭਾ ਲਗਾ ਕੇ ਸੈਗ ਠੀਕ ਕੀਤਾ ਜਾਵੇ | ਇਸ ਤੋਂ ਇਲਾਵਾ ਹਦਾਇਤਾਂ ਰਾਹੀਂ ਜਿੱਥੇ 2 ਲਾਈਨਾਂ ਦੀ ਕਰਾਸਿੰਗ ਹੋਵੇ, ਉਨ੍ਹਾਂ ਵਿਚਕਾਰ ਸਹੀ ਫਾਸਲਾ ਬਣਾਉਣ ਲਈ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਸਾਰੇ ਟਰਾਂਸਫਾਰਮਰਾਂ/ਪੋਲਾਂ ਦੇ ਢਿੱਲੇ ਜੰਪਰਾਂ ਨੂੰ ਟਾਈਟ ਕੀਤਾ ਜਾਵੇ ਅਤੇ ਖੇਤਾਂ ’ਚੋਂ ਲੰਘਦੀਆਂ ਐੱਚ. ਟੀ./ਐੱਲ. ਟੀ. ਲਾਈਨਾਂ ਹੇਠਾਂ ਜਿੱਥੇ ਕਲੀਅਰੈਂਸ ਘੱਟ ਹੋਵੇ, ਉਸ ਨੂੰ ਠੀਕ ਕੀਤਾ ਜਾਵੇ ਅਤੇ ਟੇਢੇ ਪੋਲਾਂ ਨੂੰ ਵੀ ਸਿੱਧਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਸਬੰਧੀ ਫੀਲਡ ’ਚ ਕੀਤੇ ਗਏ ਕੰਮ ਨੂੰ ਰੋਜ਼ਾਨਾ ਮਾਨੀਟਰ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਣਕ ਵੀ ਵਾਢੀ ਦੇ 15 ਦਿਨਾਂ ਦੌਰਾਨ ਤਾਪਮਾਨ ਜ਼ਿਆਦਾ ਹੋਣ ਕਰਕੇ ਅੱਗ ਲੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਏ. ਪੀ. ਫੀਡਰਾਂ ਨੂੰ ਦਿਨ ਦੀ ਬਜਾਏ ਰਾਤ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ | ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸਹਿਯੋਗ ਦੇਣ ਅਤੇ ਕੰਬਾਈਨਾਂ ਨਾਲ ਕਟਾਈ ਕਰਦੇ ਸਮੇਂ ਬਿਜਲੀ ਦੇ ਖੰਭਿਆਂ ਦੇ ਬਚਾਅ ਸਬੰਧੀ ਵੀ ਧਿਆਨ ਰੱਖਣ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕਿਸਾਨ ਵੀਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਬਿਜਲੀ ਦੀ ਲਾਈਨ ਤੋਂ ਸਪਾਰਕ ਹੋ ਰਿਹਾ ਹੈ ਜਾਂ ਸੰਭਾਵਨਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਟਾਫ, ਜੇ. ਈ/ਉਪ ਮੰਡਲ ਅਫਸਰ ਨੂੰ ਟੈਲੀਫੋਨ ’ਤੇ ਦਿੱਤੀ ਜਾਵੇ | ਜਿਥੇ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ, ਸਬੰਧੀ ਸੂਚਨਾ, ਖਪਤਕਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ਵਿਖੇ 24 ਘੰਟੇ ਚਾਲੂ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 9646106835 ਅਤੇ 9646106836 ’ਤੇ ਦਿੱਤੀ ਜਾਵੇ | ਸਾਰੇ ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਪਾਰਕਿੰਗ ਲਈ ਰਿਪੋਰਟ ਕੀਤੇ ਗਏ ਸਾਰੇ ਜੀ.ਓ. ਸਵਿੱਚਾਂ ਦੀ ਸਹੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ।


Manoj

Content Editor

Related News