ਸੀ. ਐੱਮ. ਦੇ ਸ਼ਾਹੀ ਸ਼ਹਿਰ ਦੀ ਵੱਡੀ ਨਦੀ ''ਚੋਂ ਕਰੋੜਾਂ ਦੀ ਮਿੱਟੀ ਗਾਇਬ

02/13/2020 10:07:30 AM

ਪਟਿਆਲਾ (ਜੋਸਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਾਹੀ ਸ਼ਹਿਰ ਵਿਚ ਵੱਡੀ ਨਦੀ 'ਚੋਂ ਕਰੋੜਾਂ ਰੁਪਏ ਦੀ ਮਿੱਟੀ ਗਾਇਬ ਹੈ। ਕਈ ਥਾਈਂ ਬੰਨੇ ਵੀ ਕਮਜ਼ੋਰ ਕੀਤੇ ਜਾ ਚੁੱਕੇ ਹਨ। ਵਿਭਾਗ ਦਾ ਦਾਅਵਾ ਹੈ ਕਿ ਇਹ ਮਿੱਟੀ ਸ਼ਹਿਰ ਦੇ ਹੀ ਕੰਮਾਂ 'ਤੇ ਵਰਤੀ ਜਾ ਰਹੀ ਹੈ।ਲਗਾਤਾਰ ਮਿੱਟੀ ਦੀ ਚੁਕਾਈ ਕਾਰਣ ਨਦੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਦਿਲਾਂ ਵਿਚ ਭਾਰੀ ਸਹਿਮ ਹੈ। ਹਾਲ ਹੀ ਵਿਚ ਭਾਰੀ ਬਾਰਸ਼ ਕਾਰਣ ਹੜ੍ਹ ਆ ਗਿਆ ਸੀ। ਇਸ ਕਰ ਕੇ ਇਹ ਪਾਣੀ ਸਨੌਰ ਰੋਡ ਕਈ ਕਾਲੋਨੀਆਂ ਵਿਚ ਵੀ ਜਾ ਪੁੱਜਾ ਸੀ। ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਜਾਣਕਾਰੀ ਮਤਾਬਕ ਵੱਡੀ ਨਦੀ ਵਿਚ ਰਾਜਪੁਰਾ ਰੋਡ ਸਥਿਤ ਗੁਰਦੁਆਰਾ ਕਾਰ ਸੇਵਾ ਗੋਬਿੰਦ ਬਾਗ ਦੇ ਬਿਲਕੁੱਲ ਬਰਾਬਰ ਮਿੱਟੀ ਕੱਢਣ ਦਾ ਕੰਮ ਜ਼ੋਰਾਂ 'ਤੇ ਹੈ। ਇਸ ਤੋਂ ਪਹਿਲਾਂ ਇਹ ਮਿੱਟੀ ਸੜਕ ਦੂਜੇ ਪਾਸਿਓਂ ਕੱਢੀ ਗਈ ਸੀ। ਅੱਜ ਵੀ ਮਿੱਟੀ ਪੁੱਟੀ ਜਾ ਰਹੀ ਹੈ। ਪੁਲ ਦੇ ਦੂਜੇ ਪਾਸਿਓਂ ਕੱਢੀ ਗਈ ਮਿੱਟੀ ਨਾਲ ਨਦੀ ਦੇ ਕੰਢੇ ਕਮਜ਼ੋਰ ਹੋ ਗਏ ਹਨ। ਪਤਾ ਲੱਗਾ ਹੈ ਕਿ ਕਿਨਾਰਿਆਂ ਤੋਂ ਕਰੀਬ 4-5 ਫੁੱਟ ਮਿੱਟੀ ਕੱਢੀ ਗਈ ਸੀ। ਕਿਨਾਰਿਆਂ ਤੋਂ ਕੱਢੀ ਗਈ ਮਿੱਟੀ ਨਾਲ ਆਉਣ ਵਾਲੇ ਸਮੇਂ ਵਿਚ ਹੜ੍ਹ ਦੀ ਸਥਿਤੀ ਬਣ ਸਕਦੀ ਹੈ। ਜਦੋਂ ਵੀ ਹੜ੍ਹ ਅਉਂਦਾ ਹੈ ਤਾਂ ਉਸ ਸਮੇਂ ਨਦੀ ਕਿਨਾਰੇ ਅਤੇ ਬੰਨਾਂ ਟੁੱਟਣ ਦਾ ਡਰ ਰਹਿੰਦਾ ਹੈ। ਇਸ ਲਈ ਕੰਢਿਆਂ ਤੋਂ ਕੱਢੀ ਗਈ ਮਿੱਟੀ ਕਾਰਣ ਹੜ੍ਹ ਦੇ ਸੰਕੇਤ ਵਧ ਸਕਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਮਿੱਟੀ ਕੱਢਣ ਲਈ ਮਾਈਨਿੰਗ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਜੇਕਰ ਕਿਸੇ ਵਿਅਕਤੀ ਨੇ ਆਪਣੇ ਖੇਤ ਵਿਚੋਂ ਵੀ ਮਿੱਟੀ ਕੱਢਣੀ ਹੋਵੇ ਤਾਂ ਵੀ ਉਸ ਨੂੰ ਮਨਜ਼ੂਰੀ ਲੈਣੀ ਪੈਂਦੀ ਹੈ। ਇਥੇ ਤਾਂ ਕਈ-ਕਈ ਫੁੱਟ ਮਿੱਟੀ ਕੱਢੀ ਜਾ ਰਹੀ ਹੈ। ਇਸ ਦੀ ਕੋਈ ਮਨਜ਼ੂਰੀ ਨਹੀਂ ਹੈ।

ਸਰਕਾਰੀ ਕੰਮਾਂ ਲਈ ਵਰਤ ਰਹੇ ਹਾਂ ਮਿੱਟੀ : ਐੱਸ. ਈ.
ਇਸ ਸਬੰਧੀ ਡਰੇਨਜ਼ ਵਿਭਾਗ ਦੇ ਐੱਸ. ਈ. ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਦੀ 'ਚੋਂ ਕੱਢੀ ਜਾ ਰਹੀ ਮਿੱਟੀ ਸ਼ਹਿਰ ਵਿਚ ਚੱਲ ਰਹੇ ਸਰਕਰੀ ਕੰਮਾਂ ਲਈ ਵਰਤੀ ਜਾ ਰਹੀ ਹੈ। ਮਿੱਟੀ ਕੱਢਣ ਲਈ ਸਰਕਾਰ ਅਤੇ ਵਿਭਾਗ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਜਾ ਰਿਹਾ। ਉਨ੍ਹਾਂ ਇਸ ਮਿੱਟੀ ਨੂੰ ਮਾਈਨਿੰਗ ਤਹਿਤ ਆਉਣ ਦਾ ਵੀ ਖੰਡਨ ਕੀਤਾ।


Shyna

Content Editor

Related News