ਵਾਤਾਵਰਣ ਬਚਾਉਣ ਲਈ ਸਮਾਜਸੇਵੀ ਮੀਤਾ ਬਾਵਾ ਠੇਕੇਦਾਰ ਤੇ ਸੁਰੇਸ਼ ਬਾਵਾ ਆਏ ਅੱਗੇ, ਲਾਏ ਸੈਂਕੜੇ ਪੌਦੇ

05/13/2021 4:53:29 PM

ਮੋਗਾ (ਬਿੰਦਾ)-ਸਮਾਜਸੇਵੀ ਮੀਤਾ ਬਾਵਾ ਠੇਕੇਦਾਰ ਅਤੇ ਸੁਰੇਸ਼ ਬਾਵਾ ਵੱਲੋਂ ਆਪਣੇ ਪਿਤਾ ਸਵ. ਰਾਮ ਪਾਲ ਬਾਵਾ ਦੀ ਯਾਦ ’ਚ ਆਪਣੇ ਪਿੰਡ ਧੱਲਕੇ ਅਤੇ ਆਸ-ਪਾਸ ਦੇ ਇਲਾਕੇ ਵਿਚ ਇਕ ਨਵੀਂ ਪਹਿਲਕਦਮੀ ਕਰਦਿਆਂ ਦੋਵਾਂ ਨੇ ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ 1000 ਆਕਸੀਜਨ ਪੈਦਾ ਕਰਨ ਵਾਲੇ ਬੂਟੇ ਲਾਉਣ ਦਾ ਐਲਾਨ ਕੀਤਾ ਅਤੇ ਇਨ੍ਹਾਂ ਬੂਟਿਆਂ ਦੀ ਇਕ ਸਾਲ ਤੱਕ ਸਾਂਭ-ਸੰਭਾਲ ਖੁਦ ਕਰਨ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਹੁਣ ਵਾਂਗ ਸਾਨੂੰ ਭੱਵਿਖ ’ਚ ਆਕਸੀਜਨ ਦੀ ਘਾਟ ਨਾ ਸਹਿਣੀ ਪਵੇ ਅਤੇ ਆਪਣੇ ਜੀਵਨ ਤੋਂ ਹੱਥ ਨਾ ਧੋਣੇ ਪੈਣ।

ਇਸ ਤੋਂ ਇਲਾਵਾ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿ. ਮੋਗਾ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ, ਸੀਨੀਅਰ ਮੀਤ ਪ੍ਰਧਾਨ ਡਾ. ਗੁਰਬਚਨ ਸਿੰਘ, ਮੀਤ ਪ੍ਰਧਾਨ ਅਵਤਾਰ ਸਿੰਘ, ਮੈਨੇਜਰ ਗੁਰਵਿੰਦਰ ਸਿੰਘ ਨੂੰ 50 ਰਾਸ਼ਨ ਦੀਆਂ ਕਿੱਟਾਂ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਦਿੱਤੀਆਂ।ਉਨ੍ਹਾਂ ਇਸ ਮੌਕੇ ਹੋਰ ਪਹਿਲ ਕਰਦਿਆਂ ਆਪਣੇ ਪਿਤਾ ਦੀ ਅੰਤਿਮ ਅਰਦਾਸ ਮੌਕੇ ਰਿਸ਼ਤੇਦਾਰਾਂ ਵੱਲੋਂ ਜੋ ਪੱਗ ਦੀ ਰਸਮ ਕੀਤੀ ਜਾਂਦੀ ਹੈ, ਉਹ ਵੀ ਨਹੀਂ ਕਰਵਾਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਪਿੰਡ ਵਿਚ ਹੀ ਇਨ੍ਹਾਂ ਪੈਸਿਆਂ ਦੀ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਦਿਓ।

ਮੀਤਾ ਬਾਵਾ ਅਤੇ ਸੁਰੇਸ਼ ਬਾਵਾ ਨੇ ਵੱਧ ਤੋਂ ਵੱਧ ਲੋਕਾਂ ਨੂੰ ਲੋੜਵੰਦ ਪਰਿਵਾਰਾਂ ਦੀ ਮੱਦਦ ਕਰ ਕੇ ਇਨਸਾਨੀਅਤ ਦਾ ਫਰਜ਼ ਨਿਭਾਉਣ ਦਾ ਹੋਕਾ ਵੀ ਦਿੱਤਾ। ਇਸ ਮੌਕੇ ਜ਼ਿਲ੍ਹਾ ਇੰਟਕ ਮੋਗਾ ਦੇ ਪ੍ਰਧਾਨ ਵਿਜੈ ਧੀਰ ਐਡਵੋਕੇਟ, ਦਵਿੰਦਰ ਸਿੰਘ ਜੌੜਾ ਜਨਰਲ ਸਕੱਤਰ, ਸ਼ਿੰਦਰਪਾਲ ਬਾਵਾ, ਰਾਜ ਕੁਮਾਰ ਬਾਵਾ, ਜਸਵੀਰ ਸਿੰਘ ਖੋਸਾ ਅਤੇ ਗੁਰਜੰਟ ਸਿੰਘ ਖੋਸਾ ਹਾਜ਼ਰ ਸਨ।
 


Manoj

Content Editor

Related News