ਪੁਲਸ ਅਤੇ ਸਮੱਗਲਰਾਂ ਵਿਚਾਲੇ ਅੰਨ੍ਹੇਵਾਹ ਫਾਇਰਿੰਗ

10/04/2020 10:35:56 AM

ਫਿਰੋਜ਼ਪੁਰ (ਮਲਹੋਤਰਾ): ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ 'ਤੇ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ ਨਾਲ ਸਪੈਸ਼ਲ ਟਾਸਕ ਫੋਰਸ ਦੀ ਮੁਠਭੇੜ ਦੌਰਾਨ ਇਕ ਸਮੱਗਲਰ ਜ਼ਖਮੀ ਹੋ ਗਿਆ, ਜਿਸ ਦੇ ਇਕ ਹੋਰ ਸਾਥੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਦੋ ਫਰਾਰ ਹੋ ਗਏ।

ਐੱਸ. ਟੀ. ਐੱਫ. ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਟੀਮ ਫਾਜ਼ਿਲਕਾ ਰੋਡ 'ਤੇ ਚੈਕਿੰਗ 'ਤੇ ਸੀ। ਪਿੰਡ ਪਿੰਡੀ ਦੇ ਕੋਲ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਦੀਪ ਸਿੰਘ ਉਰਫ ਕਾਲੀ ਸ਼ੂਟਰ ਪਿੰਡ ਜਾਮਾ ਰਖੱਈਆ, ਲਵਪ੍ਰੀਤ ਸਿੰਘ ਉਰਫ ਲਵੀ ਪਿੰਡ ਰਾਉਕੇ ਹਿਠਾੜ, ਸਿਕੰਦਰ ਸਿੰਘ ਉਰਫ ਸੋਨੂੰ ਪਿੰਡ ਗੱਟੀ ਰਾਜੋਕੇ ਅਤੇ ਇਨ੍ਹਾਂ ਦਾ ਇਕ ਹੋਰ ਅਣਪਛਾਤਾ ਸਾਥੀ ਲੱਖੋਕੇ ਬਹਿਰਾਮ ਅਤੇ ਮਮਦੋਟ ਇਲਾਕਿਆਂ 'ਚ ਹੈਰੋਇਨ ਸਪਲਾਈ ਕਰਦੇ ਹਨ। ਪਤਾ ਲੱਗਾ ਕਿ ਇਸ ਸਮੇਂ ਇਹ ਚਾਰੇ ਜਣੇ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਮਮਦੋਟ ਤੋਂ ਲਿੰਕ ਰੋਡ ਰਾਹੀਂ ਫਿਰੋਜ਼ਪੁਰ ਵੱਲ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਟੀਮ ਲਿੰਕ ਰੋਡ 'ਤੇ ਮਮਦੋਟ ਵੱਲ ਜਾ ਰਹੀ ਸੀ ਤਾਂ ਪਿੰਡ ਰਾਉਕੇ ਦੇ ਕੋਲ ਆ ਰਹੇ ਉਕਤ ਚਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋਸ਼ੀਆਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ 'ਚ ਗੁਰਦੀਪ ਸਿੰਘ ਉਰਫ ਕਾਲੀ ਸ਼ੂਟਰ ਜ਼ਖਮੀ ਹੋ ਗਿਆ। ਕਾਲੀ ਅਤੇ ਸਿਕੰਦਰ ਨੂੰ ਕਾਬੂ ਕਰ ਕੇ ਕਾਲੀ ਨੂੰ ਇਲਾਜ ਦੇ ਲਈ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਇਨ੍ਹਾਂ ਕੋਲੋਂ ਪੁਲਸ ਨੇ 265 ਗ੍ਰਾਮ ਹੈਰੋਇਨ, ਇਕ ਦੇਸੀ ਕੱਟਾ ਅਤੇ ਇਕ ਕਾਰਤੂਸ ਬਰਾਮਦ ਕੀਤਾ ਹੈ। ਇਨ੍ਹਾਂ ਦੇ ਬਾਕੀ ਦੋ ਸਾਥੀ ਮੋਟਰਸਾਈਕਲ ਉਥੇ ਛੱਡ ਕੇ ਫਰਾਰ ਹੋ ਗਏ।


Shyna

Content Editor

Related News