150 ਕਿੱਲੋ ਚੂਰਾ-ਪੋਸਤ ਸਮੇਤ 2 ਸਮੱਗਲਰ ਕਾਰ ਸਮੇਤ ਗ੍ਰਿਫਤਾਰ

02/16/2020 1:39:04 AM

ਲੁਧਿਆਣਾ, (ਅਨਿਲ)— ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਮਿਹਰਬਾਨ ਦੀ ਪੁਲਸ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ 150 ਕਿੱਲੋ ਚੂਰਾ-ਪੋਸਤ ਸਮੇਤ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਅਜਿੰਦਰ ਸਿੰਘ ਅਤੇ ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮੱਤੇਵਾੜਾ ਪੁਲਸ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਦੀ ਪੁਲਸ ਪਾਰਟੀ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਮੰਗਲੀ ਟਾਂਡਾ ਵਲੋਂ ਇਕ ਕਾਰ 'ਚ ਚੂਰਾ-ਪੋਸਤ ਦੀ ਖੇਪ ਆ ਰਹੀ ਹੈ, ਜਿਸ 'ਤੇ ਚੌਕੀ ਇੰਚਾਰਜ ਨੇ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣਿਓਂ ਆ ਰਹੀ ਸਫੈਦ ਰੰਗ ਦੀ ਡਿਜ਼ਾਇਰ ਕਾਰ ਨੂੰ ਚੈਕਿੰਗ ਲਈ ਰੋਕਿਆ, ਜਿਸ 'ਚ 2 ਵਿਅਕਤੀ ਸਵਾਰ ਸਨ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ ਚੂਰਾ-ਪੋਸਤ ਬਰਾਮਦ ਕੀਤਾ ਗਿਆ। ਪੁਲਸ ਨੇ ਕਾਰ ਸਵਾਰ ਸੰਜੀਵ ਕੁਮਾਰ ਪੁੱਤਰ ਮੋਹਨ ਦਾਸ ਵਾਸੀ ਰੋਪੜ, ਰਵੀ ਕੁਮਾਰ ਪੁੱਤਰ ਦਿਲਬਾਗ ਰਾਏ ਵਾਸੀ ਨਵਾਂਸ਼ਹਿਰ ਨੂੰ ਗ੍ਰਿਫਤਾਰ ਕੀਤਾ। ਜਾਂਚ ਤੋਂ ਬਾਅਦ ਦੋਵਾਂ ਸਮੱਗਲਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਮੇਜਰ ਸਿੰਘ ਅਤੇ ਉਸ ਦਾ ਭਰਾ ਰਾਜ ਸਿੰਘ ਰਾਜੂ ਪਿੰਡ ਬੂਥਗੜ੍ਹ ਵੀ ਕੰਮ ਕਰਦੇ ਹਨ, ਜਿਸ ਤੋਂ ਬਾਅਦ ਪੁਲਸ ਦੋਵਾਂ ਮੁਲਜ਼ਮਾਂ ਨੂੰ ਵੀ ਕੇਸ 'ਚ ਨਾਮਜ਼ਦ ਕਰਕੇ ਜਦੋਂ ਉਨ੍ਹਾਂ ਦੇ ਟਿਕਾਣੇ ਪਿੰਡ ਬੂਥਗੜ੍ਹ ਵਿਚ ਛਾਪੇਮਾਰੀ ਕਰਨ ਗਈ ਤਾਂ ਉਥੋਂ ਵੀ ਚੂਰਾ-ਪੋਸਤ ਦੀ ਖੇਪ ਬਰਾਮਦ ਹੋਈ। ਪੁਲਸ ਨੇ 150 ਕਿੱਲੋ ਚੂਰਾ-ਪੋਸਤ ਬਰਾਮਦ ਕਰਕੇ ਚਾਰ ਸਮੱਗਲਰਾਂ ਖਿਲਾਫ ਥਾਣਾ ਮਿਹਰਬਾਨ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ, ਜਦੋਂਕਿ ਮੇਜਰ ਸਿੰਘ ਅਤੇ ਰਾਜ ਸਿੰਘ ਫਰਾਰ ਹਨ।

ਦੋਸ਼ੀਆਂ 'ਤੇ ਹਨ ਨਸ਼ਾ ਸਮੱਗਲਿੰਗ ਦੇ ਕੇਸ ਦਰਜ
ਏ. ਡੀ. ਸੀ. ਪੀ. ਅਜਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਸੰਜੀਵ ਕੁਮਾਰ 'ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਜਦੋਂਕਿ ਫਰਾਰ ਮੁਲਜ਼ਮ ਮੇਜਰ ਸਿੰਘ 'ਤੇ 4 ਕੇਸ ਨਸ਼ਾ ਸਮੱਗਲਿੰਗ ਦੇ ਦਰਜ ਹਨ। ਮੁਲਜ਼ਮਾਂ ਕੋਲੋਂ ਜੋ ਕਾਰ ਬਰਾਮਦ ਹੋਈ, ਉਹ ਮੇਜਰ ਸਿੰਘ ਦੀ ਹੈ। ਮੁਲਜ਼ਮ ਚੂਰਾ-ਪੋਸਤ ਦੀ ਖੇਪ ਜੰਮੂ-ਕਸ਼ਮੀਰ ਤੋਂ ਸਸਤੇ ਰੇਟ 'ਤੇ ਲਿਆਉਂਦੇ ਹਨ ਅਤੇ ਅੱਗੇ ਪੰਜਾਬ ਵਿਚ ਗਾਹਕਾਂ ਨੂੰ ਮਹਿੰਗੇ ਮੁੱਲ ਸਪਲਾਈ ਕਰ ਕੇ ਮੋਟਾ ਮੁਨਾਫਾ ਕਮਾਉਂਦੇ ਹਨ। ਮੁਲਜ਼ਮਾਂ ਤੋਂ ਪੁਲਸ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ।


KamalJeet Singh

Content Editor

Related News