3 ਆਰਡੀਨੈਂਸਾਂ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਦੀ ਅਰਥੀ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

09/20/2020 3:46:27 PM

ਭਵਾਨੀਗੜ੍ਹ (ਕਾਂਸਲ) - ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ 3 ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਦੇ ਰੋਸ ਵੱਜੋਂ ਅੱਜ ਇਲਾਕੇ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ, ਆੜਤੀਆਂ ਐਸੋਸੀਏਸ਼ਨ ਅਤੇ ਹੋਰ ਕਿਸਾਨ ਹਤੈਸ਼ੀ ਜਥੇਬੰਦੀਆਂ ਵੱਲੋਂ ਪਹਿਲਾਂ ਸਥਾਨਕ ਅਨਾਜ਼ ਮੰਡੀ ਵਿਖੇ ਰੋਸ ਰੈਲੀ ਕੀਤੀ ਗਈ। ਇਸ ਦੇ ਨਾਲ ਹੀ ਸ਼ਹਿਰ ’ਚੋਂ ਲੰਘਦੀ ਨੈਸ਼ਨਲ ਹਾਈਵੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋ, ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ, ਆੜਤੀਆਂ ਐਸੋ. ਦੇ ਬਲਾਕ ਪ੍ਰਧਾਨ ਸੁਖਬੀਰ ਸਿੰਘ ਸੁੱਖੀ ਕਪਿਆਲ, ਭਾਰਤੀ ਕਿਸਾਨ ਯੂਨੀਅਨ ਏਕਤ ਡਕੌਂਦਾ ਦੇ ਆਗੂ ਗੱਜਣ, ਲਾਲੀ ਸਕਰੋਦੀ, ਮੰਗਤ ਸ਼ਰਮਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਪੰਜਾਬ ਅਤੇ ਕਿਸਾਨ ਵਿਰੋਧੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਹ ਕਿਸਾਨ ਵਿਰੋਧੀ ਆਰਡੀਨੈਂਸ ਕੋਰੋਨਾ ਮਹਾਮਾਰੀ ਤੋਂ ਵੀ ਜਿਆਦਾ ਘਾਤਕ ਹਨ। ਜਿਸ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਆੜਤੀਏ, ਮਜਦੂਰ ਅਤੇ ਹੋਰ ਵਰਗ ਬੁਰੀ ਤਰ੍ਹਾਂ ਪ੍ਰਭਾਵਿੱਤ ਹੋਣਗੇ ਅਤੇ ਆਤਮ ਹੱਤਿਆ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਲਾਗੂ ਕਰਕੇ ਕੇਂਦਰ ਸਰਕਾਰ ਪੰਜਾਬ ’ਚ ਬਿਹਾਰ ਨਾਲ ਵੀ ਮਾੜੇ ਹਲਾਤ ਬਣਾਉਣ ਜਾ ਰਹੀ ਹੈ। ਇਸ ਲਈ ਹੁਣ ਇਹ ਲੜਾਈ ਕਰੋ ਜਾ ਮਰੋ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਅਨਖੀਂ ਹਨ। ਇਸ ਲਈ ਆਪਣੇ ਹਿੱਸੇ ਦੀ ਜਮੀਨ ਦਾ ਇਕ ਵੀ ਇੰਚ ਕਿਸੇ ਕਾਰਪੋਰੇਟ ਘਰਾਣੇ ਨੂੰ ਨਹੀਂ ਲੈਣ ਦੇਣਗੇ। ਇਸ ਲਈ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਨਹੀਂ ਕਰਦੀ ਸਮੂਚੇ ਪੰਜਾਬ ਦੇ ਹਰ ਵਰਗ ਵੱਲੋਂ ਇਕ ਮੁੱਠ ਕੇ ਕੇਂਦਰ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਹੁਣ ਇਕੱਲੇ ਕਿਸਾਨ ਦੀ ਨਹੀਂ ਰਹੀ ਕਿਉਂਕਿ ਇਨ੍ਹਾਂ ਅਰਾਡੀਨੈਂਸਾਂ ਨਾਲ ਜੇਕਰ ਕਿਸਾਨੀ ਬਰਬਾਦ ਹੁੰਦੀ ਹੈ ਤਾਂ ਇਸ ਨਾਲ ਸਮੂਚੇ ਪੰਜਾਬ ਦਾ ਹਰ ਵਰਗ ਹੀ ਬਰਬਾਦ ਹੋ ਜਾਵੇਗਾ।ਇਸ ਲਈ ਅੱਜ ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਮੌਢੇ ਨਾਲ  ਮੌਢਾ ਜੋੜ ਕੇ ਇਸ ਸੰਘਰਸ਼ ’ਚ ਅੱਗੇ ਆ ਕੇ ਲੜਾਈ ਲੜ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ’ਚ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਸਾਰੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ ਨੂੰ ਆਪਣੇ ਸਾਰੇ ਕਾਰੋਬਾਰ ਮੁਕੰਮਲ ਤੌਰ ’ਤੇ ਬੰਦ ਕਰਕੇ ਕੇਂਦਰ ਵਿਰੁੱਧ ਕੀਤੇ ਜਾ ਰਹੇ ਇਸ ਸੰਘਰਸ਼ ’ਚ ਵੱਧ ਚੜ੍ਹ ਕੇ ਸ਼ਾਮਿਲ ਹੋਣ। ਇਸ ਮੌਕੇ ਕਸ਼ਮੀਰਾ ਸਿੰਘ ਘਰਾਚੋਂ, ਅਜੈਬ ਸਿੰਘ ਸੰਘਰੇੜੀ, ਅਜਮੇਰ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ ਕਾਕੜਾ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਵਿਪਨ ਕੁਮਾਰ, ਜਗਦੇਵ ਬੁੱਟਰ, ਤਰਸੇਮ ਤੂਰ, ਅਸ਼ੋਕ ਮਿੱਤਲ, ਬਲਜੀਤ ਸਿੰਘ ਜੋਲੀਆਂ, ਕੁਲਵਿੰਦਰ ਮਾਝਾ, ਜਗਤਾਰ ਨਮਾਦਾ, ਹਰਦੇਵ ਸਿੰਘ ਕਾਲਾਝਾੜ, ਜਗਦੇਵ ਸਿੰਘ ਘਰਾਚੋਂ, ਕਰਨੈਲ ਸਿੰਘ ਬਲਾਕ ਪ੍ਰਧਾਨ ਸਮੇਤ ਵੱਡੀ ਗਿਣਤੀ ’ਚ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।


Harinder Kaur

Content Editor

Related News