ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀਆਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

04/25/2018 11:05:16 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਬਲਾਕ ਨਿਹਾਲ ਸਿੰਘ ਵਾਲਾ ਦੇ ਸਮੂਹ ਪੰੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਬੀ. ਡੀ. ਪੀ. ਓ. ਦਫਤਰ ਨਿਹਾਲ ਸਿੰਘ ਵਾਲਾ ਅੱਗੇ ਰੋਸ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਤੇ ਰੋਸ ਧਰਨਾ 28ਵੇਂ ਦਿਨ 'ਚ ਦਾਖਲ ਹੋ ਗਿਆ, ਜਿਸ ਕਾਰਨ ਪਿੰਡਾਂ ਦੇ ਅਹਿਮ ਕਾਰਜ ਪ੍ਰਭਾਵਿਤ ਹੋ ਰਹੇ ਹਨ। 
ਇਸ ਮੌਕੇ ਜ਼ਿਲਾ ਪ੍ਰਧਾਨ ਸੁਖਜੀਵਨ ਸਿੰਘ ਰੌਂਤਾ ਨੇ ਕਿਹਾ ਕਿ ਮੁੱਖ ਮੰਗਾਂ ਸਬੰੰਧੀ ਪੰਜਾਬ ਦੇ ਸਮੂਹ ਸੰਮਤੀ/ਜ਼ਿਲਾ ਪ੍ਰੀਸ਼ਦ ਮੁਲਾਜ਼ਮਾਂ ਵੱਲੋਂ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਸ਼ੁਰੂ ਕੀਤਾ। ਸਰਕਾਰ ਕਰਮਚਾਰੀਆਂ ਦਾ ਸਬਰ ਨਾ ਪਰਖੇ ਤੇ ਉਨ੍ਹਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਪੂਰੀਆਂ ਕਰੇ। ਉਨ੍ਹਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਸਾਰੇ ਪੰਚਾਇਤ ਸੰਮਤੀ/ਜ਼ਿਲਾ ਪ੍ਰੀਸ਼ਦ ਕਰਮਚਾਰੀਆਂ ਦੀਆਂ ਤਨਖਾਹਾਂ ਖਜ਼ਾਨਾ ਦਫ਼ਤਰਾਂ 'ਚੋਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ ਤੇ ਕਾਰਜ ਸਾਧਕ ਅਫ਼ਸਰ ਪੰੰਚਾਇਤ ਸੰੰਮਤੀ ਦੀ ਸੀਟ ਦਾ ਕੋਟਾ ਪੰਚਾਇਤ ਅਫ਼ਸਰ/ਸੁਪਰਡੈਂਟ ਨੂੰ ਦਿੱਤਾ ਜਾਵੇ ਤੇ ਸੰਮਤੀ 'ਚ ਹੋਏ ਘਪਲਿਆਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਆਦਿ ਹਨ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਪਰਡੈਂਟ ਬਿੰਦਰ ਕੌਰ, ਟੈਕਸ ਕੁਲੈਕਟਰ ਸਰਤੇਜ ਸਿੰਘ, ਪੰਚਾਇਤ ਸਕੱਤਰ ਦਲਜੀਤ ਸਿੰਘ ਤੇ ਸੰਮਤੀ ਪਟਵਾਰੀ ਚਮਕੌਰ ਸਿੰਘ, ਫਾਰਮਾਸਿਸਟ ਗੁਰਮੇਲ ਸਿੰਘ, ਏ. ਪੀ. ਓ. ਗੁਰਭੇਜ ਸਿੰਘ ਆਦਿ ਹਾਜ਼ਰ ਸਨ।