ਸਮੂਹ ਏਡਿਡ ਕਾਲਜਾਂ ਦੇ ਅਧਿਆਪਕਾਂ ਵਲੋਂ 100 ਫ਼ੀਸਦੀ ਸਟਾਫ਼ ਨੂੰ ਕਾਲਜ ਬੁਲਾਉਣ ਖ਼ਿਲਾਫ਼ ਨਾਅਰੇਬਾਜ਼ੀ

05/05/2021 9:22:53 PM

ਭਵਾਨੀਗੜ੍ਹ, (ਕਾਂਸਲ)- ਪੰਜਾਬ ਐਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਸੰਗਰੂਰ ਇਕਾਈ ਨਾਲ ਸੰਬੰਧਤ ਸਮੂਹ ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਕੋਵਿਡ-19 ਦੀ ਦੂਜੀ ਲਹਿਰ ਦੇ ਪ੍ਰਕੋਪ ਦੇ ਮੱਦੇਨਜ਼ਰ ਡੀ.ਪੀ.ਆਈ. ਕਾਲਜਾਂ ਵੱਲੋਂ ਸੌ ਫੀਸਦੀ ਸਟਾਫ ਨੂੰ ਕਾਲਜ ਬੁਲਾਉਣ ਖਿਲਾਫ ਕਾਲੇ ਬਿੱਲੇ ਲਗਾ ਕੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਰੋਸ ਮੁਜ਼ਹਰਾ ਕਰਕੇ ਉਚੇਰੀ ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ।
 ਪੀ.ਪੀ.ਸੀ.ਟੀ.ਯੂ ਦੇ ਸੰਗਰੂਰ ਇਕਾਈ ਦੇ ਪ੍ਰਧਾਨ ਡਾ. ਬਹਾਦਰ ਸਿੰਘ ਅਤੇ ਏਰੀਆ ਸੈਕਟਰੀ ਪ੍ਰੋ. ਰਾਜਿੰਦਰ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਬੇਕਾਬੂ ਹੋ ਰਹੇ ਕੇਸਾਂ ਨੂੰ ਵੇਖਦਿਆਂ ਸਮੂਹ ਕਾਲਜਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਦ ਕਿ ਉਚੇਰੀ ਸਿੱਖਿਆ ਵਿਭਾਗ ਵੱਲੋਂ 136 ਏਡਿਡ ਕਾਲਜਾਂ ਦੇ ਸਮੂਹ ਅਧਿਆਪਕਾਂ ਨੂੰ ਕਾਲਜ ਕੈਂਪਸ ’ਚ ਹਾਜ਼ਰ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸੂਬੇ ਦੀਆਂ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ ਲਗਾਤਾਰ ਪਾਬੰਦੀਆਂ ਦਾਇਰ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਇਨ੍ਹਾਂ ਕਾਲਜਾਂ ਦੇ ਹਜ਼ਾਰਾਂ ਅਧਿਆਪਕ ਰੋਜ਼ਾਨਾ ਕਾਲਜ ਕੈਂਪਸ ’ਚ ਆ ਕੇ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ, ਜਦ ਕਿ ਇਹ ਅਧਿਆਪਕ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਦੇ ਹੋਏ ਘਰੋਂ ਵੀ ਆਸਾਨੀ ਨਾਲ ਆਨਲਾਈਨ ਪੜ੍ਹਾਈ ਕਰਵਾ ਕੇ ਸਰਕਾਰ ਦੀ ਕੋਰਨਾ ਖ਼ਿਲਾਫ਼ ਲੜਾਈ ’ਚ ਮਦਦਗਾਰ ਸਿੱਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਵੀ ਸੂਬੇ ’ਚ ਕਰੋਨਾ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਚੇਚੇ ਤੌਰ ਉੱਤੇ ਉਚੇਰੀ ਸਿੱਖਿਆ ਵਿਭਾਗ ਨੂੰ ਕਾਲਜਾਂ ਦੇ ਸਟਾਫ ਨੂੰ ਵਰਕ ਫਰੌਮ ਹੋਮ ਕਰਨ ਦੀ ਹਦਾਇਤ ਕੀਤੀ ਗਈ ਸੀ, ਪਰ ਉਚੇਰੀ ਸਿੱਖਿਆ ਵਿਭਾਗ ਦੀ ਬਾਬੂ ਸ਼ਾਹੀ ਹਾਇਰ ਐਜੂਕੇਸ਼ਨ ਮਨਿਸਟਰ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਦਾ ਪਾਲਣ ਕਰਨ ਤੋਂ ਪੂਰੀ ਤਰ੍ਹਾਂ ਮੁਨਕਾਰ ਹੋ ਰਹੀ ਹੈ। 
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੂਰ ਦੂਰੇਡੇ ਦੇ ਪੇਂਡੂ ਖੇਤਰ ਦੇ ਕਾਲਜਾਂ ਦੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਬੱਸਾਂ ’ਚ ਵੱਧ ਤੋਂ ਵੱਧ 25 ਸਵਾਰੀਆਂ, ਚਾਰ ਪਹੀਆ ਨਿੱਜੀ ਵਾਹਨ ’ਚ ਵੱਧ ਤੋਂ ਵੱਧ 2 ਸਵਾਰੀਆਂ ਅਤੇ ਦੋ ਪਹੀਆ ਵਾਹਨ ਉੱਤੇ ਕੇਵਲ ਇੱਕ ਸਵਾਰੀ ਤੱਕ ਨੂੰ ਹੀ ਸਫਰ ਕਰਨ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਭਵਾਨੀਗੜ੍ਹ ਕਾਲਜ ਦੇ ਅਧਿਆਪਕਾਂ ਡਾ. ਗੁਰਪ੍ਰੀਤ ਸਿੰਘ, ਡਾ. ਸੁਰੇਂਦਰ, ਡਾ. ਗੁਰਮੀਤ ਕੌਰ, ਪ੍ਰੋ. ਦਲਵੀਰ ਸਿੰਘ, ਡਾ. ਚਰਨਜੀਤ ਕੌਰ, ਪ੍ਰੋ. ਕਮਲਜੀਤ ਕੌਰ, ਪ੍ਰੋ. ਕੁਲਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ ਵੀ ਹਾਜ਼ਰ ਸੀ।


Bharat Thapa

Content Editor

Related News