ਰਾਤ ਸੁੱਤੇ ਪਏ ਨੌਜਵਾਨ ਦੇ ਮਾਰੀ ਗੋਲ਼ੀ, ਹਾਲਤ ਗੰਭੀਰ

07/27/2022 11:03:43 AM

ਨਥਾਣਾ(ਬੱਜੋਆਣੀਆਂ) : ਪੰਜਾਬ ਵਿਚ ਦਿਨੋਂ-ਦਿਨ ਕੁੱਟਮਾਰ ਤੋਂ ਲੈ ਕੇ ਕਤਲੇਆਮ ਕਰਨ ਤਾਂ ਆਮ ਜਿਹੀ ਗੱਲ ਹੋ ਗਈ ਹੈ। ਪੁਲਸ ਆਪਣੀ ਖਾਨਾਪੂਰਤੀ ਲਈ ਅਣਪਛਾਤਿਆਂ ’ਤੇ ਪਰਚੇ ਦਰਜ ਕਰ ਛੱਡ ਦਿੰਦੀ ਹੈ, ਜਿਸ ਕਾਰਨ ਅਜਿਹੇ ਹੰਗਾਮਾ ਕਰਨ ਵਾਲਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ ਅਤੇ ਉਹ ਬੇਝਿੱਕ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।

ਇਹ ਵੀ ਪੜ੍ਹੋ- ਪਾਣੀ ਦੀ ਵਾਰੀ ਨੂੰ ਲੈ ਕੇ ਪਿੰਡ ਰਾਈਆ 'ਚ ਚੱਲੀਆਂ ਗੋਲ਼ੀਆਂ, ਨੌਜਵਾਨ ਕਿਸਾਨ ਦੀ ਮੌਤ

ਇਸ ਤਰ੍ਹਾਂ ਹੀ ਨਥਾਣਾ ਨਜ਼ਦੀਕ ਪਿੰਡ ਗੰਗਾ ਵਿਖੇ ਰਾਤ 11 ਵਜੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਨੇ ਗੁਰਸੇਵਕ ਸਿੰਘ ਉਰਫ ਬਿੱਲਾ ਪੁੱਤਰ ਬੰਤਾ ਸਿੰਘ ਨੂੰ ਗੋਲ਼ੀ ਮਾਰ ਦਿੱਤੀ। ਥਾਣਾ ਨਥਾਣਾ ਵਿਖੇ ਬੰਤਾ ਸਿੰਘ ਨੇ ਕੀਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦਾ ਪੁੱਤਰ ਗੁਰਸੇਵਕ ਸਿੰਘ ਆਪਣੇ ਘਰ ਇਕ ਕਮਰੇ 'ਚ ਕੂਲਰ ਲਗਾਕੇ ਸੁੱਤਾ ਪਿਆ ਸੀ ਤਾਂ ਘਰ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਅਣਪਛਾਤੇ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਗੁਰਸੇਵਕ ਦੇ ਗੋਲ਼ੀ ਮਾਰੀ ਜੋ ਉਸਦੇ ਛਾਤੀ ਵਿਚ ਵੱਜੀ ਹੈ। ਇਸ ਪਿੱਛੋਂ ਹਮਲਾਵਰ ਫਰਾਰ ਹੋ ਗਏ।

ਇਹ ਵੀ ਪੜ੍ਹੋ- ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ

ਪੀੜਤ ਨੂੰ ਬਠਿੰਡਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਥਾਣਾ ਨਥਾਣਾ ਦੇ ਐੱਸ. ਐੱਚ. ਓ. ਜਗਦੀਪ ਸਿੰਘ ਦਾ ਕਹਿਣਾ ਹੈ ਕਿ ਗੁਰਸੇਵਕ ਸਿੰਘ ’ਤੇ ਵੱਖ-ਵੱਖ ਥਾਣਿਆਂ ’ਚ 2 ਪਰਚੇ ਦਰਜ ਹਨ। ਇਹ ਨਿੱਜੀ ਰੰਜਿਸ਼ ਦਾ ਮਾਮਲਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਰਾਦਾ ਕਤਲ ਤਹਿਤ ਵੱਖ-ਵੱਖ ਧਾਰਾਵਾਂ ਲਗਾ ਕੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਤੇ ਹਮਲਾਵਾਰਾਂ ਦੀ ਭਾਲ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News