ਆਸਮਾਨ ''ਚ ਫੈਲੈ ਧੂੰਏ ਕਾਰਣ ਦਿਨ ''ਚ ਹੀ ਛਾਉਣ ਲੱਗਾ ਹਨੇਰਾ

10/30/2020 6:00:22 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਫਿਰ ਤੋਂ ਆਬੋ ਹਵਾ 'ਚ ਪ੍ਰਦੂਸ਼ਣ ਦੀ ਮਾਤਰਾ ਵਧ ਗਈ ਹੈ।ਇਸ ਸਮੇਂ ਸ਼ਹਿਰ ਅਤੇ ਇਲਾਕੇ ਵਿਚ ਹਵਾ ਪ੍ਰਦੂਸ਼ਣ ਕਾਫ਼ੀ ਮਾਤਰਾ 'ਚ ਬਦਲ ਚੁੱਕਾ ਹੈ। ਜੇਕਰ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦਾ ਏਅਰ ਕੁਆਲਟੀ ਇੰਡੈਕਸ ਸ਼ੁੱਕਰਵਾਰ ਨੂੰ 240 ਤੱਕ ਪਹੁੰਚ ਗਿਆ ਜਦੋਂ ਕਿ ਵੀਰਵਾਰ ਨੂੰ ਪ੍ਰਦੂਸ਼ਣ ਵਿਭਾਗ ਵਲੋਂ ਪਟਿਆਲਾ ਦਾ ਏਕਿਊਆਈ 221 ਦਰਜ ਕੀਤਾ ਗਿਆ ਸੀ। ਪ੍ਰਦੂਸ਼ਣ ਕਾਰਨ ਹੁਣ ਸ਼ਾਮ ਨੂੰ ਸਾਢੇ 4 ਵਜੇ ਹੀ ਹਨੇਰਾ ਛਾ ਜਾਂਦਾ ਹੈ ਜਦੋਂ ਕਿ ਸੂਰਜ ਛਿਪਣ ਦਾ ਸਮਾਂ 5:40 ਵਜੇ ਲਗਭਗ ਹੈ। ਪ੍ਰਦੂਸ਼ਣ ਨੂੰ ਰੋਕਣ ਲਈ ਸਬੰਧਤ ਵਿਭਾਗ ਦੇ ਅਧਿਕਾਰੀ ਲੱਖ ਦਾਅਵੇ ਕਰਦੇ ਹੋਣ ਪਰ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਾਰਨ ਇਸ ਵਾਰ ਕੋਈ ਵੀ ਅਧਿਕਾਰੀ ਖੇਤਾਂ 'ਚ ਪਰਾਲੀ ਨੂੰ ਲਾਈ ਅੱਗ ਨੂੰ ਰੋਕਣ ਲਈ ਨਹੀਂ ਜਾ ਰਿਹਾ। ਲਿਹਾਜ਼ਾ ਇਸ ਵਾਰ ਖੇਤਾਂ 'ਚ ਪਰਾਲੀ ਨੂੰ ਆਮ ਨਾਲੋਂ ਜ਼ਿਆਦਾ ਸਾੜਿਆ ਜਾ ਰਿਹਾ ਹੈ।

ਸਾਹ ਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਰੀਜ਼ ਵਧਣ ਲੱਗੇ
ਇਲਾਕੇ ਵਿਚ ਇਕਦਮ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਸਾਹ ਅਤੇ ਅੱਖਾਂ ਦੀਆਂ ਬੀਮਾਰੀਆਂ ਦੇ ਕੇਸਾਂ 'ਚ ਵਾਧਾ ਹੋਣ ਲੱਗ ਪਿਆ।ਇਸ ਤੋਂ ਇਲਾਵਾ ਖੰਘ, ਜ਼ੁਕਾਮ, ਖਾਂਸੀ ਦੇ ਮਰੀਜ਼ ਵੀ ਡਾਕਟਰਾਂ ਕੋਲ ਪਹੁੰਚ ਰਹੇ ਹਨ। ਸਿਹਤ ਮਾਹਰਾਂ ਨੇ ਸਾਹ ਦੀ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਸਵੇਰੇ ਸੈਰ ਕਰਨ ਤੋਂ ਵੀ ਮਨ੍ਹਾਂ ਕੀਤਾ ਗਿਆ ਹੈ। ਕਿਉਂਕਿ ਧੂੰਏ ਦੀ ਮਾਤਰਾ ਹਵਾ 'ਚ ਜ਼ਿਆਦਾ ਹੋਣ ਕਾਰਨ ਧੂੰਆ ਸਰੀਰ ਦੇ ਅੰਦਰ ਜਾਂਦਾ ਹੈ ਤੇ ਸਾਹ ਦੀ ਬਿਮਾਰੀ ਵਾਲੇ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰਦੂਸ਼ਣ ਪੱਖੋਂ ਪਟਿਆਲਾ ਪਹੁੰਚਿਆ ਵੇਰੀ ਪੁਅਰ ਜ਼ੋਨ 'ਚ
ਸਚਿਨ ਸਿੰਗਲਾ ਅਸਿਸਟੈਂਟ ਇੰਵਾਇਰਮੈਂਟਲ ਇੰਜੀਨੀਅਰ ਸੰਗਰੂਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 5 ਸ਼ਹਿਰਾਂ ਦਾ ਏਕਿਊਆਈ ਦਰਜ ਕੀਤਾ ਗਿਆ ਜਿਸ 'ਚ ਲੁਧਿਆਣਾ 181, ਪਟਿਆਲਾ 240, ਬਠਿੰਡਾ 230, ਰੂਪ ਨਗਰ 299 ਤੇ ਮੰਡੀ ਗੋਬਿੰਦਗੜ ਦਾ 213 ਰਿਹਾ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਮੁਤਾਬਕ ਜੇਕਰ ਕੁਆਲਿਟੀ ਇੰਡੈਕਸ 60 ਤੱਕ ਹੋਵੇ ਤਾਂ ਉਸ ਨੂੰ ਗੁੱਡ ਅਰਥਾਤ ਸਹੀ ਮੰਨਿਆ ਜਾਂਦਾ ਹੈ ਜੇਕਰ 60 ਤੋੰ 100 ਹੋਵੇ ਤਾਂ ਉਸਨੂੰ ਸੈਟਿਸਫੈਕਟਰੀ ਭਾਵ ਠੀਕ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ 100 ਤੋੰ 150 ਵਿਚਕਾਰ ਹੋਵੇ ਤਾਂ ਐਵਰੇਜ ਮੰਨਿਆ ਜਾਂਦਾ ਹੈ ਤੇ 150 ਤੋੰ 200 ਵਿਚਕਾਰ ਹੋਵੇ ਤਾਂ  ਏਅਰ ਕੁਆਲਟੀ ਇੰਡੈਕਸ ਨੂੰ ਪੁਅਰ ਭਾਵ ਮਾੜਾ ਮੰਨਿਆ ਜਾਂਦਾ ਹੈ ਤੇ 200 ਤੋੰ 250 ਦੇ ਵਿਚਕਾਰ ਨੂੰ ਵੇਰੀ ਪੁਅਰ ਭਾਵ ਜਿਆਦਾ ਮਾੜਾ ਤੇ 250 ਤੋਂ300 ਤੱਕ ਦੇ ਇੰਡੈਕਸ ਨੂੰ ਖਤਰਨਾਕ/ਗੰਭੀਰ ਮੰਨਿਆ ਜਾਂਦਾ ਹੈ।

Shyna

This news is Content Editor Shyna