''ਸੀਟੂ'' ਦੀ 50ਵੀਂ ਵਰ੍ਹੇਗੰਢ ''ਤੇ ਆਂਗਨਵਾੜੀ ਵਰਕਰਾਂ ਦੀ ਸਰਕਾਰ ਨੂੰ ਦੋ-ਟੁੱਕ

05/30/2020 4:17:49 PM

ਲੁਧਿਆਣਾ (ਸਲੂਜਾ) : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਸੀਟੂ ਦੀ 50ਵੀਂ ਵਰ੍ਹੇਗੰਢ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦੋ-ਟੁੱਕ ਕਿਹਾ ਹੈ ਕਿ ਸਾਡੇ ਹੱਕ ਇੱਥੇ ਰੱਖ, ਆਈ. ਸੀ. ਡੀ. ਐਸ. ਨੂੰ ਰੈਗੂਲਰ ਕੀਤਾ ਜਾਵੇ, ਨਹੀਂ ਤਾਂ ਤਿੱਖੇ ਅੰਦੋਲਨ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ। ਯੂਨੀਅਨ ਦੀ ਜਨਰਲ ਸਕੱਤਰ ਸੁਭਾਸ਼ ਰਾਣੀ ਦੀ ਅਗਵਾਈ 'ਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸ਼ਨੀਵਾਰ ਨੂੰ ਝੰਡਾ ਲਹਿਰਾ ਕੇ ਅਤੇ ਮਨੁੱਖੀ ਚੇਨ ਬਣਾ ਕੇ ਸੀਟੂ ਦਾ ਸਥਾਪਨਾ ਦਿਨ ਪੂਰੇ ਇਨਕਲਾਬੀ ਰੰਗ 'ਚ ਮਨਾਇਆ। ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸੁਭਾਸ਼ ਰਾਣੀ ਨੇ ਸੀਟੂ ਦੇ ਸੰਘਰਸ਼ਮਈ ਇਤਿਹਾਸ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਸੀਟੂ ਦੀ ਸਥਾਪਨਾ 30 ਮਈ, 1970 'ਚ ਹੋਈ ਸੀ।

ਸੀਟੂ ਇਕ ਅਜਿਹਾ ਸੰਗਠਨ ਹੈ, ਜਿਸ ਨੇ ਕੰਮਕਾਜੀ ਔਰਤਾਂ ਨੂੰ ਸਨਮਾਨ ਦਿੰਦੇ ਹੋਏ 1979 'ਚ ਬਰਾਬਰ ਖੜ੍ਹੇ ਹੋਣ ਦਾ ਅਧਿਕਾਰ ਦਿੱਤਾ। ਇਹ ਸੰਗਠਨ ਅੱਜ ਵਿਸ਼ਾਲ ਸਮੁੰਦਰ ਦਾ ਰੂਪ ਧਾਰਨ ਕਰ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟਰੇਡ ਯੂਨੀਅਨ ਦੀ ਸਥਾਪਨਾ 1920 'ਚ ਹੋਈ ਸੀ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਅਹਿਮ ਭੂਮਿਕਾ ਨਿਭਾਈ ਸੀ। ਸੁਭਾਸ਼ ਰਾਣੀ ਨੇ ਦੱਸਿਆ ਕਿ ਅੱਜ ਦੇ ਦਿਨ ਸਾਰੀਆਂ ਆਂਗਨਵਾੜੀ ਵਰਕਰਾਂ ਨੇ ਇਹ ਵਾਅਦਾ ਕੀਤਾ ਕਿ ਉਹ ਸੰਘਰਸ਼ਸ਼ੀਲ ਸੰਗਠਨਾਂ ਨੂੰ ਪੂਰਾ ਸਹਿਯੋਗ ਦੇਣਗੀਆਂ ਅਤੇ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਨਾਲ ਨਜਿੱਠਣ ਲਈ ਅੰਦੋਲਨ ਨੂੰ ਹੋਰ ਤੇਜ਼ ਕਰਨਗੀਆਂ।
 

Babita

This news is Content Editor Babita