ਬੇਅਦਬੀ ਮਾਮਲਾ : C.B.I. ਜਾਂਚ ਟੀਮ ਨੂੰ ਸਿੱਖਾਂ ਨੇ ਸਹਿਯੋਗ ਦੇਣ ਤੋਂ ਕੀਤੀ ਕੋਰੀ ਨਾਂਹ

12/06/2019 1:04:01 AM

ਜੈਤੋ, (ਸਤਵਿੰਦਰ)— ਬੇਅਦਬੀ ਮਾਮਲੇ ਦੀ ਮੁੜ ਤੋਂ ਜਾਂਚ-ਪੜਤਾਲ ਕਰਨ ਲਈ ਸੀ. ਬੀ. ਆਈ. ਦੀ ਟੀਮ ਅੱਜ ਤੀਜੇ ਦਿਨ ਸਰਪੰਚ ਜਸਪਾਲ ਸਿੰਘ ਜੱਸਾ ਦੇ ਘਰ ਪਿੰਡ ਵਾਂਦਰ ਪੁੱਜੀ। ਇੱਥੇ ਜਾਂਚ ਟੀਮ ਨੇ ਕੁਝ ਸਿੱਖਾਂ ਤੋਂ ਸਵਾਲ ਜਵਾਬ ਤਲਬ ਕਰਨ ਦੀ ਕੋਸ਼ਿਸ ਕੀਤੀ, ਪਰ ਸਿੱਖਾਂ ਨੇ ਇਸ ਜਾਂਚ ਟੀਮ ਨੂੰ ਸਹਿਯੋਗ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਇਸ ਮੌਕੇ ਹਾਜ਼ਰ ਰਣਜੀਤ ਸਿੰਘ ਵਾਂਦਰ, ਜਿਨ੍ਹਾਂ ਨੇ ਬਰਗਾੜੀ ਇਨਸਾਫ਼ ਮੋਰਚੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਸੀ, ਨੇ ਦੱਸਿਆ ਕਿ ਜਾਂਚ ਟੀਮ ਬੇਅਦਬੀ ਮਾਮਲੇ ਬਾਰੇ ਉਹੀ ਪੁਰਾਣੇ ਸਵਾਲ ਪੁੱਛ ਰਹੀ ਸੀ ਤਾਂ ਉਸ ਨੇ ਕਿਹਾ ਕਿ ਜਦ ਉਹ ਕਈ ਵਾਰ ਆਪਣੇ ਬਿਆਨ ਕਲਮਬੱਧ ਕਰਵਾ ਚੁੱਕੇ ਹਨ। ਹੁਣ ਇਹ ਦੁਬਾਰਾ ਡਰਾਮੇਬਾਜ਼ੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਦੀ ਮੰਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ 'ਸਿਟ' ਵੱਲੋਂ ਕੀਤੀ ਜਾ ਰਹੀ ਜਾਂਚ ਨਿਰਪੱਖ ਹੈ। ਇਸੇ 'ਸਿਟ' ਦੀ ਜਾਂਚ ਨੂੰ ਹੀ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੱਧ ਤੋਂ ਵੱਧ ਅਧਿਕਾਰ ਦੇ ਕੇ ਦੋਸ਼ੀਆਂ ਦੀ ਸ਼ਨਾਖਤ ਕਰ ਕੇ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਰਣਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ, ਬਾਦਲ ਪਰਿਵਾਰ ਅਤੇ ਡੇਰਾ ਪ੍ਰੇਮੀਆਂ ਨੂੰ ਇਸ ਮਾਮਲੇ 'ਚੋਂ ਬਰੀ ਕਰਨਾ ਚਾਹੁੰਦੀ ਹੈ ਤਾਂ ਹੀ ਵਾਰ-ਵਾਰ ਜਾਂਚ ਕਰਵਾਉਣ ਦਾ ਬਹਾਨਾ ਕੀਤਾ ਜਾ ਰਿਹਾ ਹੈ। ਇਸ ਸਮੇਂ ਹਾਜ਼ਰ ਸਿੱਖਾਂ ਦੇ ਵਿਰੋਧ ਕਰਨ ਕਰ ਕੇ ਜਾਂਚ ਟੀਮ 15-20 ਮਿੰਟਾਂ ਬਾਅਦ ਹੀ ਪਰਤ ਗਈ। ਜ਼ਿਕਰਯੋਗ ਹੈ ਕਿ ਜੂਨ 2015 ਵਿਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਚੋਰੀ ਹੋਈ ਸੀ। ਬਾਅਦ ਵਿਚ ਇਸ ਦੇ ਪਾਵਨ ਅੰਗ ਪਿੰਡ ਬਰਗਾੜੀ ਦੀਆਂ ਗਲੀਆਂ ਵਿਚ ਖਿੱਲਰੇ ਪਏ ਮਿਲੇ ਸਨ। ਇਸ ਮਾਮਲੇ ਸਬੰਧੀ ਜਾਂਚ ਏਜੰਸੀ ਨੇ ਪਿਛਲੇ ਸਾਲ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਸੀ।
 

KamalJeet Singh

This news is Content Editor KamalJeet Singh