ਸਿੱਖ ਜਥੇਬੰਦੀਆਂ ਨੇ ਫੂਕੇ ਬਾਦਲਾਂ ਦੇ ਪੁਤਲੇ

09/04/2018 4:32:51 AM

ਲੰਬੀ/ਮਲੋਟ, (ਜੁਨੇਜਾ)- ਸ਼ਨੀਵਾਰ ਨੂੰ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ’ਚ ਕਾਂਗਰਸੀ ਆਗੂਆਂ, ਜਸਟਿਸ ਰਣਜੀਤ ਸਿੰਘ ਅਤੇ ਗਰਮ ਦਲੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕੇ ਗਏ, ਉੱਥੇ ਹੀ ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਤੇ ਉਨ੍ਹਾਂ ਦੀਆਂ ਹਮਾਇਤੀ ਧਿਰਾਂ ਨੇ ਲੰਬੀ ਬੀ. ਡੀ. ਪੀ. ਓ. ਦਫਤਰ ਬਾਹਰ ਧਰਨਾ ਦਿੱਤਾ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ ਗਏ। 
ਇਸ ਤੋਂ ਬਾਅਦ ਇਕ ਮੰਗ-ਪੱਤਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ’ਤੇ ਐੱਸ. ਐੱਚ. ਓ. ਲੰਬੀ ਨੂੰ ਦਿੱਤਾ ਗਿਆ, ਜਿਸ ’ਚ  ਬਰਗਾਡ਼ੀ ਅਤੇ ਬਹਿਬਲ ਕਲਾਂ ਵਿਖੇ ਵਾਪਰੇ  ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਘਟਨਾਵਾਂ ਅਤੇ ਨਿਹੱਥੇ ਸਿੰਘਾਂ ਦੇ ਕਾਤਲਾਂ ਨੁੂੰ ਸਜ਼ਾ ਦਿਵਾਉਣ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। 
ਇਸ ਤੋਂ ਪਹਿਲਾਂ ਬੀ. ਡੀ. ਪੀ. ਓ. ਦਫਤਰ ਲੰਬੀ ਦੇ ਦਫਤਰ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਨੂੰ ਅਜੇ ਤੱਕ ਬੇਅਦਬੀ ਦੀਆਂ ਘਟਨਾਵਾਂ, ਬਰਗਾਡ਼ੀ ਤੇ ਬਹਿਬਲ ਕਲਾਂ ਕਾਂਡ ਅਤੇ ਨਾ ਹੀ ਨਿਹੱਥੇ ਸਿੰਘਾਂ ਦੇ ਕਾਤਲਾਂ ਸਬੰਧੀ ਕੋਈ ਇਨਸਾਫ ਮਿਲਿਆ ਹੈ ਅਤੇ ਤੇ ਨਾ ਹੀ ਅੱਜ ਤੱਕ ਕਿਸੇ ਦੋਸ਼ੀ ਨੂੰ ਪੁਲਸ ਵੱਲੋਂ ਫਡ਼ਿਆ ਗਿਆ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਦੀ ਬਹਾਲੀ ਲਈ ਉਕਤ ਘਟਨਾਵਾਂ ਲਈ ਜ਼ਿੰਮੇਵਾਰ ਬਾਦਲਾਂ ਨੂੰ ਫਡ਼ ਕੇ  ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਕਿਸੇ ਦੀਅਾਂ ਧਾਰਮਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਵੇ। ਧਰਨੇ ਦੀ ਸਮਾਪਤੀ ’ਤੇ ਧਾਰਮਕ ਆਗੂਆਂ ਨੇ ਉਕਤ ਸਾਰੀਅਾਂ ਘਟਨਾਵਾਂ ਲਈ ਪ੍ਰਕਾਸ਼ ਸਿੰਘ  ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਦਿਅਾਂ ਇਨ੍ਹਾਂ ਦੋਵਾਂ ਦੇ ਪੁਤਲੇ ਫੂਕੇ। ਇਸ ਮੌਕੇ ਪੁਲਸ ਪ੍ਰਸ਼ਾਸਨ ਨੇ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। 
ਇਸ ਦੌਰਾਨ ਬਚਿੱਤਰ ਸਿੰਘ ਹਾਕੂਵਾਲਾ, ਬਲਕਰਨ ਸਿੰਘ ਖਾਲਸਾ, ਕੁਲਵੀਰ ਸਿੰਘ ਫੱਕਰਸਰ, ਨਛੱਤਰ ਸਿੰਘ ਗੱਗਡ਼, ਹਰਦੀਪ ਸਿੰਘ ਲੰਬੀ, ਦਿਲਰਾਜ ਸਿੰਘ ਖਿਉਵਾਲੀ, ਕੁਲਦੀਪ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ ਡੱਬਵਾਲੀ ਆਦਿ ਮੌਜੂਦ ਸਨ। 
 ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ,  (ਪਵਨ, ਸੁਖਪਾਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਦੋਸ਼ੀਅਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਕਾਂਗਰਸ ਦੇ ਕਿਸਾਨ ਸੈੱਲ ਵੱਲੋਂ ਅੱਜ ਕੋਟਕਪੂਰਾ ਚੌਕ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। 
ਇਸ ਮੌਕੇ ਆਗੂਆਂ ਨੇ ਕਿਹਾ ਕਿ  ਅਕਾਲੀਆਂ ਨੇ ਪੰਜਾਬ ਦੀ ਸੱਤਾ ਪਾਉਣ ਲਈ ਜੋ ਸਮਾਜ ਵਿਰੋਧੀ ਕੰਮ ਕੀਤਾ ਹੈ, ਉਸ ਨੂੰ ਸਦੀਆਂ ਤੱਕ ਪੰਜਾਬ ਦੇ ਲੋਕ ਤੇ ਸਿੱਖ ਜਗਤ ਮੁਆਫ਼ ਨਹੀਂ ਕਰੇਗਾ। ਪਹਿਲਾਂ ਡੇਰਾ ਮੁਖੀ ਨਾਲ 100 ਕਰੋਡ਼ ਦਾ ਸੌਦਾ ਕੀਤਾ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦਿਵਾਈ। ਪਾਵਨ ਸਰੂਪਾਂ ਦੇ ਅੰਗਾਂ ਨੂੰ ਗਲੀਆਂ ਵਿਚ ਰੋਲਣਾ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਕਰਵਾਉਣੇ ਇਹ ਸਾਰੇ ਕੰਮ ਅਕਾਲੀਅਾਂ ਦੇ ਹੀ ਹਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸਭ ਕੁਝ ਸਾਫ਼ ਕਰ ਕੇ ਰੱਖ ਦਿੱਤਾ ਹੈ। ਇਸ ਲਈ ਸਾਡੀ ਮੰਗ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਅਾਂ ਜਾਣ। 
ਇਸ ਦੌਰਾਨ ਸਾਬਕਾ ਵਿਧਾਇਕ ਕਰਨ ਕੌਰ ਬਰਾਡ਼, ਸ਼ਰਨਜੀਤ ਸਿੰਘ ਸੰਧੂ, ਸਰਬਜੀਤ ਸਿੰਘ, ਕਾਕਾ ਬਰਾਡ਼,  ਭੁਪਿੰਦਰ ਸਿੰਘ, ਮਨਦੀਪ ਸਿੰਘ, ਸੇਮਾ ਸਰਾਂ, ਜਸਪਾਲ ਸਿੰਘ, ਬੇਅੰਤ ਸਿੰਘ, ਸੁਖਦੇੇਵ ਸਿੰਘ, ਸਤਪਾਲ ਸਿੰਘ ਆਦਿ ਮੌਜੂਦ ਸਨ।