ਪਿੰਡ ਵਾਸੀਆਂ ਅਤੇ ਸਟਾਫ ਨੇ ਸਕੂਲ ਪ੍ਰਿੰਸੀਪਲ ਦੇ ਦਫਤਰ ਦੀ ਕੀਤੀ ਘੇਰਾਬੰਦੀ

07/18/2018 2:41:37 PM

ਫਾਜ਼ਿਲਕਾ (ਨਾਗਪਾਲ, ਲੀਲਾਧਰ) – ਫਾਜ਼ਿਲਕਾ ਜ਼ਿਲੇ ਦੇ ਗੋਰਮਿੰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਦੇ ਪ੍ਰਿੰਸੀਪਲ ਦੇ ਦਫਤਰ ਦੀ ਬੀਤੇ ਦਿਨ ਘੇਰਾਬੰਦੀ ਕਰਨ ਨਾਲ ਤਨਾਅ ਦਾ ਮਾਹੌਲ ਪੈਦਾ ਹੋ ਗਿਆ ਸੀ। ਸਕੂਲ ਪ੍ਰਿੰਸੀਪਲ ਅਤੇ ਸਟਾਫ ਦਰਮਿਆਨ ਚਲ ਰਹੇ ਇਸ ਵਿਵਾਦ 'ਚ ਮੰਡੀ ਅਰਨੀਵਾਲਾ ਅਤੇ ਉਸ ਦੇ ਨੇੜਲੇ 2-3 ਪਿੰਡਾਂ ਦੇ ਲੋਕ ਵੀ ਸਟਾਫ ਦੇ ਪੱਖ 'ਚ ਖੜੇ ਹੋ ਗਏ । 
ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਪਿੰਡ ਵਾਸੀਆਂ ਅਤੇ ਸਟਾਫ ਨੇ ਮਿਲ ਕੇ ਬੀਤੇ ਦਿਨ ਪ੍ਰਿੰਸੀਪਲ ਪ੍ਰਦੀਪ ਕੁਮਾਰ ਖਨਗਵਾਲ ਦੇ ਦਫਤਰ ਦੀ ਘੇਰਾਬੰਦੀ ਕੀਤੀ, ਜਿਸ ਕਾਰਨ ਉਹ ਬੰਦੀ ਬਣ ਕੇ ਰਹਿ ਗਏ। ਸਕੂਲ ਸਟਾਫ ਅਤੇ ਪਿੰਡ ਵਾਸੀ ਉਕਤ ਪ੍ਰਿੰਸੀਪਲ ਖਿਲਾਫ ਕਾਰਵਾਈ ਅਤੇ ਉਨ੍ਹਾਂ ਦੀ ਇਥੋਂ ਬਦਲੀ ਕਰਨ ਦੀ ਮੰਗ ਕਰ ਰਹੇ ਸਨ ਕਿਉਂਕਿ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦਾ ਸਟਾਫ ਖਾਸ ਤੌਰ 'ਤੇ ਮਹਿਲਾ ਸਟਾਫ ਨਾਲ ਅਖੋਤੀ ਰੂਪ ਨਾਲ ਮਾੜਾ ਵਤੀਰਾ ਕਰ ਰਿਹਾ ਸੀ।ਇਸ ਸਬੰਧੀ ਸਟਾਫ ਨੇ ਪਹਿਲਾਂ ਵੀ ਸਿੱਖਿਆ ਵਿਭਾਗ ਦੇ ਆਲ੍ਹਾ ਅਫਸਰਾਂ ਨੂੰ ਜਾਣਕਾਰੀ ਦਿੱਤੀ ਸੀ ਪਰ ਕੋਈ ਕਾਰਵਾਈ ਨਾ ਹੋਣ ਮਗਰੋਂ ਸਟਾਫ ਨੇ ਕੱਲ ਫਾਜ਼ਿਲਕਾ ਦੇ ਐੱਸ. ਐੱਸ. ਪੀ. ਨਾਲ ਮੁਲਾਕਾਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ।

ਕੀ ਕਹਿਣਾ ਹੈ ਪ੍ਰਿੰਸੀਪਲ ਦਾ
ਇਸ ਸੰਬੰਧੀ ਸੰਪਰਕ ਕਰਨ 'ਤੇ ਪ੍ਰਿੰਸੀਪਲ ਨੇ ਸਟਾਫ ਨਾਲ ਮਾੜੇ ਵਤੀਰੇ ਦੇ ਆਰੋਪਾਂ ਨੂੰ ਖਾਰਜ ਕਰਦੇ ਹੋਏ ਦੱਸਿਆ ਕਿ ਉਹ ਪੜ੍ਹਾਈ ਸਹੀ ਢੰਗ ਨਾ ਕਰਵਾਉਣ ਵਾਲੇ ਅਤੇ ਜਮਾਤਾਂ ਤੋਂ ਗੈਰ ਹਾਜ਼ਰ ਰਹਿਣ ਵਾਲੇ ਸਟਾਫ ਨੂੰ ਪੜ੍ਹਾਉਣ ਅਤੇ ਆਪਣਾ ਕੰਮ ਸਹੀ ਢੰਗ ਨਾਲ ਕਰਨ ਲਈ ਕਹਿੰਦੇ ਸਨ। ਇਸੇ ਕਾਰਨ ਸਟਾਫ ਨੇ ਉਨ੍ਹਾਂ 'ਤੇ ਗਲਤ ਦੋਸ਼ ਲਗਾ ਦਿੱਤੇ। ਉਨ੍ਹਾਂ ਨੂੰ ਨਾ ਸਿਰਫ ਬੰਦੀ ਬਣਾ ਕੇ ਰੱਖਿਆ ਗਿਆ ਬਲਕਿ ਉਨ੍ਹਾਂ ਨਾਲ ਖਿੱਚ-ਧੂਹ ਵੀ ਕੀਤੀ ਗਈ।

ਕੀ ਕਹਿੰਦੇ ਹਨ ਜ਼ਿਲਾ ਸਿੱਖਿਆ ਅਧਿਕਾਰੀ
ਫਾਜ਼ਿਲਕਾ ਦੇ ਜ਼ਿਲਾ ਸਿੱਖਿਆ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਆਰੋਪਾਂ ਦੀ ਜਾਂਚ ਲਈ 4 ਅਧਿਕਾਰੀਆਂ ਦੀ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਵਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।