ਸਿੱਧੂ ਮੂਸੇਵਾਲੇ ਦੀ ਯਾਦ ’ਚ ਇਕੱਠੀਆਂ ਹੋਈਆਂ ਬੀਬੀਆਂ ਨੇ ਲਾਈ ਛਬੀਲ

06/04/2022 5:19:01 PM

ਬਰਨਾਲਾ (ਧਾਲੀਵਾਲ) - ਪਿਛਲੇ ਦਿਨੀਂ ਗੈਂਗਸਟਰਾਂ ਵੱਲੋਂ ਦੇਸ਼-ਦੁਨੀਆਂ ਵਿੱਚ ਵੱਡਾ ਨਾਮ ਕਮਾ ਚੁੱਕੇ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਦੇਸ਼-ਦੁਨੀਆਂ ਦੇ ਰਹਿ ਰਹੇ ਲੋਕਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦਿਆਂ ਅੱਜ ਬਰਨਾਲਾ-ਹੰਡਿਆਇਆ ਰੋਡ ’ਤੇ ਇਕੱਠੀਆਂ ਹੋਈਆਂ ਜਨਾਨੀਆਂ ਨੇ ਸਿੱਧੂ ਮੂਸੇਵਾਲਾ ਦੀ ਫੋਟੋ ਅਤੇ ਮੂਸੇਵਾਲੇ ਦੇ ਗਾਣੇ ਲੱਗਾ ਕੇ ਸੜਕ ’ਤੇ ਜਾਂਦੇ ਰਾਹਗੀਰਾਂ ਨੂੰ ਛਬੀਲ ਪਿਲਾ ਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਲੋਕਾਂ ਨੂੰ ਉਸ ਦੀ ਜ਼ਿੰਦਗੀ ਬਾਰੇ ਜਾਣਕਾਰੀ ਵੀ ਦਿੱਤੀ ਗਈ।

ਇਸ ਮੌਕੇ ਇਕੱਠੀਆਂ ਹੋਈਆਂ ਜਨਾਨੀਆਂ ਨੇ ਰੋਂਦੇ ਕਰਲਾਉਂਦੇ ਹੋਏ ਸਿੱਧੂ ਮੂਸੇਵਾਲਾ ਬਾਰੇ ਬੋਲਦਿਆਂ ਕਿਹਾ ਕਿ ਪਹਿਲਾਂ ਦੀਪ ਸਿੱਧੂ, ਕਬੱਡੀ ਖਿਡਾਰੀ ਸੰਦੀਪ ਅਤੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਸ਼ਰ੍ਹੇਆਮ ਮਾਰ ਦਿੱਤਾ ਗਿਆ। ਪੰਜਾਬ ਅੰਦਰ ਸਰਕਾਰ ਦੀ ਨਾਕਾਮਯਾਬੀ ਕਾਰਨ ਅਣਪਛਾਤੇ ਨੌਜਵਾਨਾਂ ਨੇ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਸ਼ਰ੍ਹੇਆਮ ਕਤਲ ਕਰ ਦਿੱਤਾ। 

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੁਰੱਖਿਆ ਵਾਪਸ ਨਹੀਂ ਲੈਂਦੀ ਤਾਂ ਅੱਜ ਮੂਸੇਵਾਲਾ ਉਨ੍ਹਾਂ ਦੇ ਵਿਚਕਾਰ ਹੁੰਦਾ। ਸਿੱਧੂ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ। ਇਕੱਠੀਆਂ ਹੋਈਆਂ ਜਨਾਨੀਆਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੇ ਪੰਜਾਬੀ ਗਾਇਕੀ ਸਦਕਾ ਜਿੱਥੇ ਦੇਸ਼-ਦੁਨੀਆਂ ਅੰਦਰ ਪੰਜਾਬ ਦਾ ਨਾਂ ਰੌਸ਼ਨ ਕੀਤਾ, ਉਥੇ ਪਗੜੀ ਧਾਰਕ ਨੌਜਵਾਨ ਹੋਣ ਕਾਰਨ ਸਿੱਖ ਧਰਮ ਦਾ ਵੀ ਮਾਣ ਵਧਾਇਆ ਹੈ। ਮੂਸੇਵਾਲੇ ਦੇ ਗਾਣੇ ਪਰਿਵਾਰਾਂ ਵਿਚ ਬੈਠ ਕੇ ਸੁਣੇ ਜਾਂਦੇ ਸਨ।

ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਰੱਬ ਕਿਸੇ ਨੂੰ ਅਜਿਹਾ ਦਿਨ ਨਾ ਦਿਖਾਵੇ। ਉਕਤ ਜਨਾਨੀਆਂ ਨੇ ਮੰਗ ਕੀਤੀ ਕਿ ਮੂਸੇਵਾਲਾ ਦੇ ਦੋਸ਼ੀ ਗੈਂਗਸਟਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਇਆ ਜਾਵੇ।


 


rajwinder kaur

Content Editor

Related News