ਸਿੱਧੂ ਮੂਸੇਵਾਲਾ ਦੇ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਜਾਣ ਦੇ ਚਰਚੇ ਜੋਰਾਂ ''ਤੇ

09/21/2019 9:12:57 PM

ਮਾਨਸਾ,(ਸੰਦੀਪ ਮਿੱਤਲ/ਬਲਵਿੰਦਰ ਜੱਸਲ): ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜੱਟੀ ਜਿਊਣੇ ਮੋੜ ਦੀ ਬੰਦੂਕ ਵਰਗੀ' 'ਚ ਮਾਈ ਭਾਗੋ ਦੇ ਨਾਂਅ ਦੀ ਦੁਰਵਰਤੋ ਕਰਨ ਦੇ ਵਿਰੋਧ 'ਚ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਮਨਾਂ 'ਚ ਗੁੱਸੇ ਦੇ ਲਹਿਰ ਹੈ। ਉਥੇ ਹੀ ਦੂਜੇ ਪਾਸੇ ਗਾਇਕ ਸਿੱਧੂ ਮੂਸੇਵਾਲਾ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਜਾਣ ਦੇ ਚਰਚੇ ਵੀ ਜੋਰਾਂ 'ਤੇ ਚੱਲ ਰਹੇ ਹਨ। ਸੂਤਰਾਂ ਮੁਤਾਬਕ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਨੂੰ ਜਿੰਦਰਾ ਲੱਗਾ ਹੋਇਆ ਹੈ। ਉਸ ਦੇ ਘਰ 'ਚ ਕੋਈ ਨਾ ਹੋਣ ਕਾਰਣ ਸੁੰਨ ਪਸਰੀ ਹੋਈ ਹੈ। ਜਿਸ ਕਾਰਣ ਉਸ ਦੀ ਰਿਹਾਇਸ਼ ਪਿੰਡ ਮੂਸਾ ਵਿਖੇ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਕੋਲ ਪਹੁੰਚ ਕੀਤੀ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਚੈਨ ਸਿੰਘ ਅਤਲਾ ਤੇ ਗਿਆਨੀ ਹਰਜਿੰਦਰ ਸਿੰਘ ਵੱਲੋਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਹਿੱਤ ਥਾਣਾ ਸਦਰ ਮਾਨਸਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਨੂੰ ਲੈ ਕੇ ਜ਼ਿਲਾ ਪੁਲਸ ਮਾਨਸਾ ਨੇ ਆਪਣੇ ਪੱਧਰ ਤੇ ਸੀਡੀਜ਼ ਮੰਗਵਾ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸ. ਐਸ. ਪੀ ਡਾ. ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਮੁਕੰਮਲ ਹੋਣ 'ਤੇ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਤੁਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।